
ਦਾਮਨ ਬਾਜਵਾ ਨੇ ਆਜ਼ਾਦ ਉਮੀਦਵਾਰ ਵਜੋਂ ਭਰੇ ਕਾਗ਼ਜ਼
ਸੁਨਾਮ, 1 ਫ਼ਰਵਰੀ (ਅਜੈਬ ਸਿੰਘ ਮੋਰਾਂਵਾਲੀ, ਭਗਵੰਤ ਸਿੰਘ ਚੰਦੜ) : ਅੱਜ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਬਾਅਦ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ | ਇਸ ਮੌਕੇ ਪਹਿਲਾਂ ਉਨ੍ਹਾਂ ਦੀ ਕੋਠੀ ਵਿਖੇ ਉਨ੍ਹਾਂ ਦੇ ਸਮਰਥਕਾਂ ਦਾ ਭਾਰੀ ਇਕੱਠ ਹੋਇਆ ਜਿਸ ਵਿਚ ਸੁਨਾਮ, ਲੌਂਗੋਵਾਲ, ਚੀਮਾ ਤੋਂ ਪੰਚ, ਸਰਪੰਚ, ਕੌਂਸਲਰ, ਮਾਰਕੀਟ ਕਮੇਟੀ ਦੇ ਚੇਅਰਮੈਨ, ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਲੋਕ ਆਏ ਉਨ੍ਹਾਂ ਨੇ ਮੈਡਮ ਦਾਮਨ ਥਿੰਦ ਬਾਜਵਾ ਦੇ ਹੱਕ ਵਿਚ ਨਾਹਰਾ ਲਗਾਇਆ |
ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਇਕ ਆਮ ਪਰਵਾਰ 'ਚੋਂ ਹੈ ਉਸ ਦਾ ਕੋਈ ਵੀ ਰਿਸ਼ਤੇਦਾਰ ਵੱਡਾ ਲੀਡਰ ਨਹੀਂ ਹੈ, ਪਰ ਅੱਜ ਲੋਕਾਂ ਦਾ ਇੰਨਾ ਸਾਥ ਉਨ੍ਹਾਂ ਦੇ ਨਾਲ ਹੈ ਇਸ ਲਈ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦਾ ਸਾਥ ਮਿਲਣ ਨਾਲ ਉਹ ਸੁਨਾਮ ਦਾ ਇਤਿਹਾਸ ਬਦਲਣਗੇ ਅਤੇ ਆਜ਼ਾਦ ਉਮੀਦਵਾਰ ਵਜੋਂ ਇਹ ਸੀਟ ਜਿੱਤਣਗੇ | ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਉਹ ਵਿਕਾਸ ਦੇ ਕੰਮਾਂ ਨੂੰ ਲੈ ਕੇ ਚੋਣ ਲੜਨਗੇ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ ਉਹ ਲਗਾਤਾਰ ਸੁਨਾਮ ਵਿਧਾਨ ਸਭਾ ਖੇਤਰ ਵਿਚ ਆਉਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜ ਕਰਵਾਉਂਦੇ ਰਹੇ ਹਨ ਅਤੇ ਅੱਗੇ ਵੀ ਲਗਾਤਾਰ ਕਰਵਾਉਣ ਲਈ ਉਹ ਅੱਜ ਆਜ਼ਾਦ ਚੋਣ ਲੜ ਰਹੇ ਹਨ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਜ਼ਿਲ੍ਹਾ ਇੰਡਸਟਰੀ ਚੈਂਬਰ ਪ੍ਰਧਾਨ ਘਣਸ਼ਾਮ ਕਾਂਸਲ, ਮਾਰਕੀਟ ਕਮੇਟੀ ਚੇਅਰਮੈਨ ਸੋਨੀ ਖਡਿਆਲਿਆ, ਆਸ਼ੂ ਖਡਿਆਲਿਆ, ਸੰਨੀ ਕਾਸਲ, ਰਾਜੂ ਨਾਗਰ, ਚਮਕੌਰ ਹਾਂਡਾ, ਹਰਪਾਲ ਹਾਂਡਾ, ਨਵਦੀਪ ਤੋਗਾਵਾਲ, ਵਿਜੈ ਕੁਮਾਰ, ਹਿੰਮਤ ਬਾਜਵਾ, ਸੰਦੀਪ ਬਾਕਸਰ ਅਤੇ ਹੋਰ ਕਈ ਵੱਡੇ ਆਗੂ ਮੌਜੂਦ ਸਨ |
ਫੋਟੋ 1-21