
ਪੁਲਿਸ ਨੇ ਕਾਰ ਅਤੇ ਭੁੱਕੀ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
Punjab News: ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਇਲਾਕੇ 'ਚ ਪੁਲਿਸ ਨੂੰ ਇਕ ਲਾਵਾਰਸ ਕਾਰ ਮਿਲੀ ਹੈ, ਜਿਸ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 2 ਕੁਇੰਟਲ ਭੁੱਕੀ ਬਰਾਮਦ ਹੋਈ। ਪੁਲਿਸ ਨੇ ਕਾਰ ਅਤੇ ਭੁੱਕੀ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਐਸਐਚਓ ਨਰਿੰਦਰਪਾਲ ਸਿੰਘ ਨੇ ਦਸਿਆ ਕਿ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਇਹ ਵਰਨਾ ਕਾਰ ਬਾਈਪਾਸ ਨੇੜੇ ਖਤਾਨਾਂ ਵਿਚ ਖੜ੍ਹੀ ਸੀ। ਪਹਿਲਾਂ ਤਾਂ ਅਜਿਹਾ ਲੱਗਿਆ ਕਿ ਸ਼ਾਇਦ ਕੋਈ ਹਾਦਸਾ ਵਾਪਰ ਗਿਆ ਹੈ। ਪਰ ਜਦੋਂ ਪੁਲਿਸ ਕਾਰ ਦੇ ਨੇੜੇ ਗਈ ਤਾਂ ਦੇਖਿਆ ਕਿ ਸਾਰੇ ਸ਼ੀਸ਼ੇ ਕਾਲੇ ਸਨ। ਕਾਰ ਦੇ ਅੰਦਰ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਹੋਣ ਦਾ ਸ਼ੱਕ ਸੀ। ਇਸ ਮਗਰੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਦੋਂ ਸ਼ੀਸ਼ਾ ਤੋੜ ਕੇ ਖਿੜਕੀ ਖੋਲ੍ਹੀ ਗਈ ਤਾਂ ਕਾਰ ਅੰਦਰੋਂ ਪਲਾਸਟਿਕ ਦੇ ਦੋ ਥੈਲੇ ਮਿਲੇ। ਇਨ੍ਹਾਂ ਵਿਚ 3 ਬੋਰੀਆਂ ਸਨ। ਤਲਾਸ਼ੀ ਲੈਣ 'ਤੇ ਬੋਰੀਆਂ 'ਚੋਂ 2 ਕੁਇੰਟਲ ਭੁੱਕੀ ਬਰਾਮਦ ਹੋਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਾਈਪਾਸ 'ਤੇ ਕਿਤੇ ਨਾਕਾਬੰਦੀ ਹੋ ਸਕਦੀ ਹੈ। ਜਿਸ ਕਾਰਨ ਨਸ਼ਾ ਤਸਕਰ ਕਾਰ ਨੂੰ ਇਥੇ ਲੈ ਆਏ ਅਤੇ ਬਾਅਦ ਵਿਚ ਕਾਰ ਛੱਡ ਕੇ ਫਰਾਰ ਹੋ ਗਏ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਐਸਐਚਓ ਨੇ ਦਸਿਆ ਕਿ ਪਹਿਲਾਂ ਕਾਰ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਸਬੰਧਤ ਜ਼ਿਲ੍ਹੇ ਦੇ ਟਰਾਂਸਪੋਰਟ ਅਧਿਕਾਰੀ ਨਾਲ ਨੰਬਰ ਟਰੇਸ ਕਰਕੇ ਮਾਲਕ ਦਾ ਪਤਾ ਲਗਾਉਣ ਤੋਂ ਬਾਅਦ ਕਾਫੀ ਹੱਦ ਤਕ ਮਾਮਲੇ ਨੂੰ ਟਰੇਸ ਕੀਤਾ ਜਾਵੇਗਾ। ਫਿਲਹਾਲ ਥਾਣਾ ਬੱਸੀ ਪਠਾਣਾਂ 'ਚ ਅਣਪਛਾਤੇ ਵਿਅਕਤੀਆਂ ਵਿਰੁਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
(For more Punjabi news apart from 2 quintals of poppy recovered from an unclaimed car, stay tuned to Rozana Spokesman)