
ਪ੍ਰਸ਼ਾਂਤ ਕਿਸ਼ੋਰ ਕੈਬਨਿਟ ਰੈਂਕ 'ਚ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਲਾਹਕਾਰ ਨਿਯੁਕਤ
ਸਕੱਤਰੇਤ ਦਫ਼ਤਰ ਤੇ ਸਟਾਫ਼ ਮਿਲੇਗਾ, ਤਨਖ਼ਾਹ ਸਿਰਫ਼ 1 ਰੁਪਏ ਟੋਕਨ ਆਨਰੇਰੀਅਮ ਵਜੋਂ ਲੈਣਗੇ
ਚੰਡੀਗੜ੍ਹ, 1 ਮਾਰਚ (ਗੁਰਉਪਦੇਸ਼ ਭੁੱਲਰ): 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਪੰਜਾਬ ਵਿਚ ਭਾਰੀ ਬਹੁਮਤ ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਪਣਾ ਪ੍ਰਤੱਖ ਸਲਾਹਕਾਰ ਨਿਯੁਕਤ ਕੀਤਾ ਹੈ | ਇਸ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਟਵੀਟ ਕਰ ਕੇ ਦਿਤੀ ਹੈ |
ਦਿਲਚਸਪ ਗੱਲ ਹੈ ਕਿ ਉਨ੍ਹਾਂ ਦੀ ਨਿਯੁਕਤੀ ਬਾਰੇ ਜਾਰੀ ਹੁਕਮਾਂ ਮੁਤਾਬਕ ਉਹ ਤਨਖ਼ਾਹ ਵਜੋਂ ਸਿਰਫ਼ ਇਕ ਰੁਪਿਆ ਟੋਕਨ ਆਨਰੇਰੀਅਮ ਲੈਣਗੇ | ਉਨ੍ਹਾਂ ਨੂੰ ਸਕੱਤਰੇਤ ਵਿਚ ਦਫ਼ਤਰ ਤੇ ਸਟਾਫ਼ ਮੁਹਈਆ ਕਰਵਾਇਆ ਜਾਵੇਗਾ | ਉਨ੍ਹਾਂ ਲਈ ਮੁਫ਼ਤ ਰਿਹਾਇਸ਼ ਅਤੇ ਕੈਬਨਿਟ ਰੈਂਕ ਮੰਤਰੀ ਵਰਗਾ ਇਕ ਦਫ਼ਤਰ ਵੀ ਰਿਹਾਇਸ਼ ਤੇ ਕੈਂਪ ਆਫ਼ਿਸ ਵਜੋਂ ਦਿਤਾ ਜਾਵੇਗਾ | ਹੋਰ ਸਹੂਲਤਾਂ ਵੀ ਸਰਕਾਰ ਦੇਵੇਗੀ |
ਜ਼ਿਕਰਯੋਗ ਹੈ ਕਿ 2011 ਵਿਚ ਪ੍ਰਸ਼ਾਂਤ ਕਿਸ਼ੋਰ ਭਾਜਪਾ ਨਾਲ ਜੁੜੇ ਸਨ ਤੇ ਨਰਿੰਦਰ ਮੋਦੀ ਲਈ ਕੰਮ ਕੀਤਾ | ਇਸ ਤੋਂ ਬਾਅਦ ਉਹ ਬਿਹਾਰ ਵਿਚ ਨਿਤੀਸ਼ ਕੁਮਾਰ ਤੇ ਫਿਰ ਦਿੱਲੀ ਵਿਚ 'ਆਪ' ਲਈ ਹੁਣ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਲਈ ਵੀ ਰਣਨੀਤੀ ਬਣਾ ਰਹੇ ਸਨ |