
ਭਾਰਤ ਰਹਿੰਦੇ ਪਰਿਵਾਰ ਦੀ ਪ੍ਰਵਾਨਗੀ ਨਾਲ ਚੰਦਨ ਦਾ ਆਪਰੇਸ਼ਨ ਵੀ ਕੀਤਾ ਗਿਆ ਸੀ।
ਬਰਨਾਲਾ - ਯੂਕਰੇਨ-ਰੂਸ ਦਰਮਿਆਨ ਚੱਲ ਰਹੇ ਯੁੱਧ ਦਰਮਿਆਨ ਬਰਨਾਲਾ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਪਰ ਇਸ ਨੌਜਵਾਨ ਦੀ ਮੌਤ ਯੁੱਧ ਦੌਰਾਨ ਨਹੀਂ ਹੋਈ ਹੈ। ਮ੍ਰਿਤਕ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਯੂਕਰੇਨ ਦੇ ਵਿਨੀਸੀਆ ਸਟੇਟ ਵਿਚ ਐਮਬੀਬੀਐਸ ਦੀ ਪੜ੍ਹਾਈ ਕਰਨ ਗਿਆ ਹੋਇਆ ਸੀ। ਜਿੱਥੇ 2 ਫ਼ਰਵਰੀ ਨੂੰ ਚੰਦਨ ਜਿੰਦਲ ਗੰਭੀਰ ਬੀਮਾਰ ਹੋ ਗਿਆ ਅਤੇ ਉਸ ਦੇ ਦਿਮਾਗ ਵਿਚ ਖ਼ੂਨ ਦੇ ਥੱਕੇ ਬਣ ਗਏ ਅਤੇ ਉਸ ਨੂੰ ਆਈਸੀਯੂ ਵਿਚ ਦਾਖ਼ਲ ਕਰਵਾਉਣਾ ਪਿਆ ਸੀ। ਭਾਰਤ ਰਹਿੰਦੇ ਪਰਿਵਾਰ ਦੀ ਪ੍ਰਵਾਨਗੀ ਨਾਲ ਚੰਦਨ ਦਾ ਆਪਰੇਸ਼ਨ ਵੀ ਕੀਤਾ ਗਿਆ ਸੀ।
Chandan Jindal
ਜਿਸ ਤੋਂ ਬਾਅਦ ਚੰਦਨ ਦੀ ਸਾਂਭ ਸੰਭਾਲ ਲਈ ਪਿਛਲੇ ਮਹੀਨੇ ਹੀ ਉਸ ਦਾ ਪਿਤਾ ਸ਼ੀਸ਼ਨ ਕੁਮਾਰ ਅਤੇ ਤਾਇਆ ਕ੍ਰਿਸ਼ਨ ਕੁਮਾਰ ਯੂਕਰੇਨ ਗਏ ਸਨ। ਜਿਸ ਦਰਮਿਆਨ ਰੂਸ ਅਤੇ ਯੂਕਰੇਨ ਦੀ ਲੜਾਈ ਲੱਗ ਗਈ। ਇੱਕ ਦਿਨ ਪਹਿਲਾਂ ਹੀ ਚੰਦਨ ਦਾ ਤਾਇਆ ਕ੍ਰਿਸ਼ਨ ਕੁਮਾਰ ਯੂਕਰੇਨ ਤੋਂ ਬਰਨਾਲਾ ਪਰਤਿਆ ਹੈ ਅਤੇ ਅੱਜ ਉਹਨਾਂ ਨੂੰ ਫ਼ੋਨ ਤੇ ਚੰਦਨ ਦੀ ਇਲਾਜ਼ ਦੌਰਾਨ ਮੌਤ ਦਾ ਸੁਨੇਹਾ ਮਿਲ ਗਿਆ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਘਰ ਮਾਤਮ ਛਾ ਗਿਆ। ਉਸ ਦੀ ਮਾਂ, ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
Chandan Jindal Family
ਮ੍ਰਿਤਕ ਨੌਜਵਾਨ ਦਾ ਪਰਿਵਾਰ ਭਾਰਤ ਸਰਕਾਰ ਤੋਂ ਉਹਨਾਂ ਦੇ ਬੱਚੇ ਚੰਦਨ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ। ਯੂਕਰੇਨ ਤੋਂ ਪਰਤੇ ਮ੍ਰਿਤਕ ਦੇ ਤਾਏ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਰੋਮਾਨੀਆ ਬਾਰਡਰ ਰਾਹੀਂ ਭਾਰਤ ਬਹੁਤ ਮੁਸ਼ਕਿਲਾਂ ਨਾਲ ਪਰਤੇ ਹਨ। ਯੂਕਰੇਨ ਵਿੱਚ ਭਾਰਤੀ ਅੰਬੈਸੀ ਵਲੋਂ ਕੋਈ ਮਦਦ ਨਹੀਂ ਦਿੱਤੀ ਜਾ ਰਹੀ। ਜਦਕਿ ਰੋਮਾਨੀਆ ਤੋਂ ਭਾਰਤ ਲਿਆਉਣ ਵਿਚ ਜ਼ਰੂਰ ਭਾਰਤ ਸਰਕਾਰ ਨੇ ਮਦਦ ਕੀਤੀ ਹੈ। ਰੋਮਾਨੀਆ ਬਾਰਡਰ ਤੇ ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ਫ਼ੌਜ ਦੀ ਧੱਕੇਸ਼ਾਹੀ ਦਾ ਸਿ਼ਕਾਰ ਹੋਣਾ ਪੈ ਰਿਹਾ ਹੈ। ਸਿੱਖ ਸੰਸਥਾ ਖਾਲਸਾ ਏਡ ਰੋਮਾਨੀਆ ਬਾਰਡਰ 'ਤੇ ਭਾਰਤੀਆਂ ਲਈ ਲੰਗਰ ਅਤੇ ਹੋਰ ਸਹੂਲਤਾਂ ਦੀ ਮਦਦ ਵੀ ਕਰ ਰਹੀ ਹੈ।