ਉਮੀਦ ਹੈ ਕਿ ਅਜਨਾਲਾ ਘਟਨਾ ਦੇ ਮਾਮਲੇ ਤੇ ਇਹ ਕਮੇਟੀ ਸੀਮਤ ਸਮੇਂ ਵਿਚ ਲੋੜੀਂਦੀ ਕਾਰਵਾਈ ਲਈ ਸਿਫਾਰਿਸ਼ ਕਰੇਗੀ
ਮੁਹਾਲੀ - ਅਜਨਾਲਾ ਘਟਨਾ ਨੂੰ ਲੈ ਕੇ ਫ਼ੈਸਲਾ ਕਰਨ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ 15 ਮੈਂਬਰੀ ਕਮੇਟੀ ਦਾ ਗਠਨ ਦਾ ਕੀਤਾ ਗਿਆ ਜਿਸ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਸ਼ਲਾਘਾਯੋਗ ਕਦਮ ਦੱਸਿਆ ਹੈ। ਰਾਜਾ ਵੜਿੰਗ ਨੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਵੀ ਲਿਖਿਆ ਹੈ ਜਿਸ ਵਿਚ ਉਹਨਾਂ ਨੇ ਲਿਖਿਆ ਕਿ ਇਹ ਜਾਣ ਕਿ ਬਹੁਤ ਖੁਸ਼ੀ ਹੋਈ ਕਿ ਅਜਨਾਲਾ ਵਾਲੀ ਘਟਨਾ ਨੂੰ ਮੁੱਖ ਰੱਖਦੇ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਕ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ
ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਆਸੀ ਮੰਤਵਾਂ ਦੇ ਲਈ ਵਰਤੋਂ 'ਤੇ ਸੋਚ ਵਿਚਾਰ ਕਰੇਗੀ। ਅਜਨਾਲਾ ਘਟਨਾ ਵਿਚ ਅੰਮ੍ਰਿਤਪਾਲ ਸਿੰਘ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਲੂਸ ਦੀ ਸ਼ਕਲ ਵਿਚ ਲਿਜਾ ਕੇ ਸਾਡੇ ਗੁਰੂ ਨੂੰ ਢਾਲ ਬਣਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਅਤਿ ਮੰਦਭਾਗੀ ਘਟਨਾ ਹੈ। ਕਾਂਗਰਸ ਪਾਰਟੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਤਰ੍ਹਾਂ ਦੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਉਪਯੋਗ ਕਰਨ ਦੀ ਸਖ਼ਤ ਨਿੰਦਾ ਕਰਦੀ ਹੈ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ-ਜੁੱਗ ਅਟੱਲ ਗੁਰੂ ਹਨ, ਜਿਨ੍ਹਾਂ ਦਾ ਸਤਿਕਾਰ ਸੰਸਾਰ ਦੇ ਸਾਰੇ ਧਰਮਾਂ ਨੂੰ ਮੰਨਣ ਵਾਲੇ ਕਰਦੇ ਹਨ ਅਤੇ ਵਿਸ਼ੇਸ਼ ਤੌਰ ਤੇ ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਨ ਸਭ ਤੋਂ ਉੱਚਾ ਹੈ। ਇਥੋਂ ਤੱਕ ਕੇ ਜਦੋਂ ਵੀ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਕਿਸੇ ਰਸਤੇ ਤੋਂ ਵੀ ਹੋ ਕੇ ਲੰਘਦੀ ਹੈ ਤਾਂ ਸੰਗਤ ਸੜਕਾਂ ਉਤੇ ਜੋੜੇ ਉਤਾਰ ਕੇ ਸਤਿਕਾਰ ਨਾਲ ਸਿਰ ਝੁਕਾਉਂਦੀ ਹੈ। ਪ੍ਰੰਤੂ ਅਜਨਾਲਾ ਵਿਖੇ ਅਜਿਹਾ ਨਹੀਂ ਹੋਇਆ। ਇਥੋਂ ਤੱਕ ਕਿ ਇਕ ਐਸ.ਪੀ. ਰੈਂਕ ਦੇ ਅਫ਼ਸਰ ਨੇ ਇਹ ਕਿਹਾ ਕਿ "ਅਸੀਂ ਕਿਸੇ ਕਿਸਮ ਦੀ ਤਾਕਤ ਦਾ ਪ੍ਰਯੋਗ ਨਹੀਂ ਕਰ ਸਕੇ ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਆੜ ਵਿੱਚ ਅਗੇ ਵੱਧ ਰਹੇ ਸਨ।
ਉਹਨਾਂ ਨੇ ਉਮੀਦ ਵੀ ਪ੍ਰਗਟਾਈ ਹੈ ਕਿ ਅਜਨਾਲਾ ਘਟਨਾ ਦੇ ਮਾਮਲੇ ਤੇ ਇਹ ਕਮੇਟੀ ਸੀਮਤ ਸਮੇਂ ਵਿਚ ਲੋੜੀਂਦੀ ਕਾਰਵਾਈ ਲਈ ਸਿਫਾਰਿਸ਼ ਕਰੇਗੀ ਜਿਸ ਨਾਲ ਸਿੱਖ ਸੰਗਤ ਨੂੰ ਇਕ ਚੰਗਾ ਸੁਨੇਹਾ ਜਾਵੇਗਾ ਅਤੇ ਇਸ ਨਾਲ ਅੱਗੇ ਵਾਸਤੇ ਇਸ ਕਿਸਮ ਦੇ ਰੁਝਾਨ ਨੂੰ ਠੱਲ੍ਹ ਪਾਉਣ ਵਿਚ ਮਦਦ ਮਿਲੇਗੀ। ਇਸ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੁੱਚੀ ਕਾਂਗਰਸ ਪਾਰਟੀ ਇਸ ਕਮੇਟੀ ਅੱਗੇ ਅਪੀਲ ਕਰਦੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਆਸੀ ਮੰਤਵਾਂ ਦੀ ਪੂਰਤੀ ਵਾਸਤੇ ਅਤੇ ਭਾਈਚਾਰੇ ਵਿੱਚ ਕਿਸੇ ਕਿਸਮ ਦੀ ਦਰਾੜ ਪੈਦਾ ਕਰਨ ਵਾਸਤੇ ਉਪਯੋਗ ਕਰਨ ਉਤੇ ਪੂਰਨ ਪਾਬੰਦੀ ਲਗਾਈ ਜਾਵੇ, ਜਿਸ ਨਾਲ ਪਵਿੱਤਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਵਿੱਚ ਕਿਸੇ ਕਿਸਮ ਦੀ ਕੋਈ ਅਵੱਗਿਆ ਨਾ ਹੋਵੇ।