
ਭਾਜਪਾ ਵੱਲੋਂ ਅਕਸ਼ੇ ਕੁਮਾਰ ਨੂੰ ਵੀ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ
Elections 2024, Yuvraj Singh: ਚੰਡੀਗੜ੍ਹ - ਲੋਕ ਸਭਾ ਚੋਣਾਂ 'ਚ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਭਾਜਪਾ ਅਦਾਕਾਰੀ ਅਤੇ ਖੇਡਾਂ ਸਮੇਤ ਕਈ ਹੋਰ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ 'ਤੇ ਦਾਅ ਲਗਾ ਸਕਦੀ ਹੈ। ਇਹ ਖ਼ਬਰਾਂ ਚਰਚਾ ਵਿਚ ਹਨ ਕਿ ਕ੍ਰਿਕਟਰ ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਅਭਿਨੇਤਾ ਅਕਸ਼ੈ ਕੁਮਾਰ, ਜਯਾਪ੍ਰਦਾ ਅਤੇ ਪਵਨ ਸਿੰਘ ਵਰਗੀਆਂ ਮਸ਼ਹੂਰ ਹਸਤੀਆਂ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਵੱਲੋਂ ਚੋਣ ਲੜ ਸਕਦੀਆਂ ਹਨ।
ਚੋਣਾਂ 'ਚ 370 ਸੀਟਾਂ ਜਿੱਤਣ ਦੇ ਟੀਚੇ ਨੂੰ ਹਾਸਲ ਕਰਨ ਲਈ ਭਾਜਪਾ ਸਿਆਸਤ ਤੋਂ ਇਲਾਵਾ ਹੋਰ ਖੇਤਰਾਂ 'ਚੋਂ ਵੀ ਦਿੱਗਜਾਂ ਨੂੰ ਮੈਦਾਨ 'ਚ ਉਤਾਰਨ ਦੀ ਤਿਆਰੀ 'ਚ ਹੈ। ਹਾਲਾਂਕਿ ਯੁਵਰਾਜ ਸਿੰਘ ਨੇ ਲੋਕ ਸਭਾ ਚੋਣਾਂ ਲੜਨ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ। ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਅਕਸ਼ੈ ਕੁਮਾਰ, ਯੁਵਰਾਜ ਸਿੰਘ, ਪਵਨ ਸਿੰਘ ਅਤੇ ਜੈਪ੍ਰਦਾ ਚੋਣ ਲੜਨ ਲਈ ਰਾਜ਼ੀ ਹੋ ਗਏ ਹਨ, ਜਦਕਿ ਸਹਿਵਾਗ ਅਤੇ ਵੱਖ-ਵੱਖ ਖੇਤਰਾਂ ਦੇ ਕਈ ਹੋਰ ਦਿੱਗਜਾਂ ਨਾਲ ਗੱਲਬਾਤ ਚੱਲ ਰਹੀ ਹੈ।
ਅਕਸ਼ੈ ਨੂੰ ਕਿਰਨ ਖੇਰ ਦੀ ਥਾਂ ਚੰਡੀਗੜ੍ਹ ਅਤੇ ਸੰਨੀ ਦਿਓਲ ਦੀ ਥਾਂ ਯੁਵਰਾਜ ਸਿੰਘ ਨੂੰ ਗੁਰਦਾਸਪੁਰ ਤੋਂ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਜੇਕਰ ਸਹਿਵਾਗ ਸਹਿਮਤ ਹੋ ਜਾਂਦੇ ਹਨ, ਤਾਂ ਦਿੱਲੀ ਜਾਂ ਹਰਿਆਣਾ ਵਿੱਚ ਉਨ੍ਹਾਂ ਲਈ ਇੱਕ ਸੀਟ ਨਿਰਧਾਰਤ ਕੀਤੀ ਜਾਵੇਗੀ, ਜਦੋਂ ਕਿ ਜੈਪ੍ਰਦਾ ਕਿਸੇ ਦੱਖਣੀ ਰਾਜ ਤੋਂ ਪਾਰਟੀ ਦੀ ਉਮੀਦਵਾਰ ਹੋਵੇਗੀ।
ਹਾਲਾਂਕਿ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਚੋਣ ਲੜਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ। ਚਰਚਾ ਸੀ ਕਿ ਉਹ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਆਗਾਮੀ ਲੋਕ ਸਭਾ ਚੋਣ ਲੜ ਸਕਦੇ ਹਨ। ਯੁਵਰਾਜ ਸਿੰਘ ਨੇ ਸ਼ੁੱਕਰਵਾਰ ਦੇਰ ਰਾਤ ਟਵਿਟਰ 'ਤੇ ਟਵੀਟ ਕੀਤਾ ਅਤੇ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਉਲਟ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਹਾਂ। ਮੇਰਾ ਜਨੂੰਨ ਵੱਖ-ਵੱਖ ਸਮਰੱਥਾਵਾਂ ਵਿੱਚ ਲੋਕਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ। ਮੈਂ ਇਹ ਆਪਣੀ ਫਾਊਂਡੇਸ਼ਨ ਰਾਹੀਂ ਕਰਾਂਗਾ।
ਗੌਤਮ ਗੰਭੀਰ ਵੱਲੋਂ ਸਿਆਸਤ ਨੂੰ ਨਾਂਹ
ਮੈਂ ਪਾਰਟੀ ਪ੍ਰਧਾਨ ਜੇਪੀ ਨੱਢਾ ਜੀ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਮੇਰੇ ਸਿਆਸੀ ਸਫ਼ਰ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਮੈਂ ਆਪਣੀਆਂ ਆਉਣ ਵਾਲੀਆਂ ਕ੍ਰਿਕਟ ਪ੍ਰਤੀਬੱਧਤਾਵਾਂ 'ਤੇ ਧਿਆਨ ਦੇ ਸਕਾਂ। ਮੈਂ ਮਾਨਯੋਗ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। - ਗੌਤਮ ਗੰਭੀਰ (ਭਾਜਪਾ MP)
(For more Punjabi news apart from Elections 2024, Yuvraj Singh rejected speculation of contesting elections, stay tuned to Rozana Spokesman)