
ਮਾਰਚ ਅਤੇ ਮਈ ਦੇ ਵਿਚਕਾਰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਹਿਣ ਦੀ ਸੰਭਾਵਨਾ
Weather Prediction 2024 for summers News In Punjabi: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ’ਚ ਇਸ ਸਾਲ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਆਮ ਤੋਂ ਬਹੁਤ ਗਰਮ ਰਹਿਣ ਦੀ ਸੰਭਾਵਨਾ ਹੈ ਅਤੇ ਅਲ ਨੀਨੋ ਦੀ ਸਥਿਤੀ ਪੂਰੇ ਸੀਜ਼ਨ ’ਚ ਬਣੀ ਰਹਿ ਸਕਦੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੂਰਬੀ ਪ੍ਰਾਇਦੀਪ ਭਾਰਤ-ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਉੱਤਰੀ ਅੰਦਰੂਨੀ ਕਰਨਾਟਕ ਅਤੇ ਮਹਾਰਾਸ਼ਟਰ ਅਤੇ ਓਡੀਸ਼ਾ ਦੇ ਕਈ ਹਿੱਸਿਆਂ ’ਚ ਆਮ ਨਾਲੋਂ ਜ਼ਿਆਦਾ ਦਿਨਾਂ ਤਕ ਲੂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮਾਰਚ ’ਚ ਦੇਸ਼ ’ਚ ‘ਆਮ ਤੋਂ ਵੱਧ’ ਮੀਂਹ (ਲੰਮੇ ਸਮੇਂ ਦੀ ਔਸਤ 29.9 ਮਿਲੀਮੀਟਰ ਦਾ 117 ਫ਼ੀ ਸਦੀ) ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤਿਊਂਜੈ ਮਹਾਪਾਤਰਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਮਾਰਚ ਅਤੇ ਮਈ ਦੇ ਵਿਚਕਾਰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਾਰਚ ’ਚ ਉੱਤਰ ਅਤੇ ਮੱਧ ਭਾਰਤ ’ਚ ਗਰਮੀ ਦੀ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ। ਲੋਕ ਸਭਾ ਚੋਣਾਂ ਅਪ੍ਰੈਲ-ਮਈ ’ਚ ਹੋਣ ਦੀ ਸੰਭਾਵਨਾ ਹੈ।
ਮਹਾਪਾਤਰਾ ਨੇ ਕਿਹਾ ਕਿ ਅਲ ਨੀਨੋ (ਮੱਧ ਪ੍ਰਸ਼ਾਂਤ ਮਹਾਂਸਾਗਰ ਵਿਚ ਸਮੁੰਦਰੀ ਪਾਣੀ ਦਾ ਨਿਯਮਿਤ ਤੌਰ ’ਤੇ ਗਰਮ ਹੋਣਾ) ਗਰਮੀਆਂ ਦੌਰਾਨ ਜਾਰੀ ਰਹੇਗਾ ਅਤੇ ਇਸ ਤੋਂ ਬਾਅਦ ਇਹ ਨਿਰਪੱਖ ਹੋ ਸਕਦਾ ਹੈ। ਮਾਨਸੂਨ ਦੇ ਅਖੀਰਲੇ ਹਿੱਸੇ ’ਚ ਲਾ ਨੀਨਾ ਦੀਆਂ ਸਥਿਤੀਆਂ ਬਣਨ ਦੀ ਸੰਭਾਵਨਾ ਹੈ। ਇਹ ਆਮ ਤੌਰ ’ਤੇ ਭਾਰਤ ’ਚ ਚੰਗੀ ਮਾਨਸੂਨ ਵਰਖਾ ਨਾਲ ਸਬੰਧਤ ਹੈ।
(For more Punjabi news apart from Weather Prediction 2024 for summers News In Punjabi, stay tuned to Rozana Spokesman)