
ਮੋਹਾਲੀ ਦੇ ਸੈਕਟਰ 70 ਦੇ ਵਸਨੀਕ ਨੌਜਵਾਨ ਸਿਮਰਨਜੀਤ ਸਿੰਘ (ਉਮਰ 20 ਸਾਲ) ਦਾ ਬੀਤੇ ਦਿਨੀਂ ਅਮਰੀਕਾ ਦੇ ਸੈਕਰਾਮੈਂਟੋ ਵਿਖੇ ਅਣਪਛਾਤੇ ਹਮਲਾਵਾਰਾਂ ਵਲੋਂ.....
ਐਸ.ਏ.ਐਸ. ਨਗਰ, 28 ਜੁਲਾਈ (ਪਰਦੀਪ ਸਿੰਘ ਹੈਪੀ, ਗੁਰਮੁਖ ਵਾਲੀਆ) : ਮੋਹਾਲੀ ਦੇ ਸੈਕਟਰ 70 ਦੇ ਵਸਨੀਕ ਨੌਜਵਾਨ ਸਿਮਰਨਜੀਤ ਸਿੰਘ (ਉਮਰ 20 ਸਾਲ) ਦਾ ਬੀਤੇ ਦਿਨੀਂ ਅਮਰੀਕਾ ਦੇ ਸੈਕਰਾਮੈਂਟੋ ਵਿਖੇ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਸਿਮਰਨਜੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਭੰਗੂ ਪੰਜਾਬ ਸਕੂਲ ਸਿਖਿਆ ਬੋਰਡ ਦੇ ਸੇਵਾਮੁਕਤ ਅਧਿਕਾਰੀ ਹਨ।
ਤਿੰਨ ਭੈਣਾਂ ਦਾ ਇਕਲੌਤਾ ਭਰਾ ਸਿਮਰਨਜੀਤ ਸਿੰਘ ਪਿਛਲੇ ਸਾਲ ਹੀ ਅਪਣੀ ਵੱਡੀ ਭੈਣ (ਜਿਹੜੀ ਸੈਕਰਾਮੈਂਟੋ ਵਿਖੇ ਰਹਿੰਦੀ ਹੈ) ਕੋਲ ਗਿਆ ਸੀ ਅਤੇ ਉਥੇ ਗੈਸ ਸਟੇਸ਼ਨ 'ਤੇ ਕੰਮ ਕਰਦਾ ਸੀ। 26 ਜੁਲਾਈ ਦੀ ਰਾਤ ਨੂੰ 11 ਵਜੇ ਕੁੱਝ ਬੰਦਿਆਂ ਨੇ ਗੈਸ ਸਟੇਸ਼ਨ 'ਤੇ ਬਣੀ ਦੁਕਾਨ (ਜਿਸ ਵਿਚ ਸਿਮਰਨਜੀਤ ਸਮੇਤ ਤਿੰਨ ਵਿਅਕਤੀ ਮੌਜੂਦ ਸਨ) ਤੋਂ ਕੁੱਝ ਸਮਾਨ ਖ਼ਰੀਦਿਆ ਅਤੇ ਪੈਸੇ ਦੇ ਕੇ ਬਾਹਰ ਜਾ ਕੇ ਪਾਰਕਿੰਗ ਵਿਚ ਖਲੋ ਗਏ। ਜਦ ਦੁਕਾਨ ਦੇ ਮੁਲਾਜ਼ਮ ਨੇ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਬਹਿਸ ਹੋ ਗਈ। ਕਰਮਚਾਰੀ ਭੱਜ ਕੇ ਗੈਸ ਸਟੇਸ਼ਨ ਵਿਚ ਵੜ ਗਿਆ। ਜਦ ਸਿਮਰਨਜੀਤ ਬਾਹਰ ਨਿਕਲਿਆ ਤਾਂ ਉਨ੍ਹਾਂ ਗੋਲੀਆਂ ਚਲਾ ਦਿਤੀਆਂ ਤੇ ਛਾਤੀ ਵਿਚ ਗੋਲੀਆਂ ਵੱਜਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਰਣਜੀਤ ਸਿੰਘ ਭੰਗੂ ਅਤੇ ਉਨ੍ਹਾਂ ਦੀ ਪਤਨੀ ਇਸ ਵੇਲੇ ਨਿਊਜ਼ੀਲੈਂਡ ਵਿਚ ਅਪਣੀ ਛੋਟੀ ਬੇਟੀ ਕੋਲ ਗਏ ਹੋਏ ਹਨ ਅਤੇ ਸੈਕਟਰ 70 ਵਿਚਲੀ ਉਨ੍ਹਾਂ ਦੀ ਰਿਹਾਇਸ਼ 'ਤੇ ਕੋਈ ਵੀ ਨਹੀਂ। ਸੈਕਰਾਮੈਂਟੋ ਦੀ ਪੁਲੀਸ ਨੇ ਸਿਮਰਨਜੀਤ ਸਿੰਘ ਭੰਗੂ ਦੇ ਕਤਲ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ।