
29ਵੇਂ ਸੁੰਦਰ ਸ਼ਹਿਰ ਚੰਡੀਗੜ੍ਹ 'ਚ ਮਿਉਂਸਪਲ ਕਾਰਪੋਰੇਸ਼ਨ ਵਲੋਂ ਪੁਰਾਣੀਆਂ ਤੇ ਕੰਡਮ ਲਾਈਟਾਂ ਦੀ ਥਾਂ ਹੁਣ ਨਵੀਆਂ 50,000 ਤੋਂ ਵੱਧ ਐਲ.ਈ.ਡੀ. ਲਾਈਟਾਂ ਲਾਉਣ ਦਾ....
ਚੰਡੀਗੜ੍ਹ, 29 ਜੁਲਾਈ (ਸਰਬਜੀਤ ਸਿੰਘ ਢਿੱਲੋਂ) : 29ਵੇਂ ਸੁੰਦਰ ਸ਼ਹਿਰ ਚੰਡੀਗੜ੍ਹ 'ਚ ਮਿਉਂਸਪਲ ਕਾਰਪੋਰੇਸ਼ਨ ਵਲੋਂ ਪੁਰਾਣੀਆਂ ਤੇ ਕੰਡਮ ਲਾਈਟਾਂ ਦੀ ਥਾਂ ਹੁਣ ਨਵੀਆਂ 50,000 ਤੋਂ ਵੱਧ ਐਲ.ਈ.ਡੀ. ਲਾਈਟਾਂ ਲਾਉਣ ਦਾ ਪ੍ਰਾਜੈਕਟ ਸ਼ੁਰੂ ਹੋ ਗਿਆ ਹੈ। ਇਹ ਲਾਈਟਾਂ ਸੂਰਜ ਛਿਪਣ ਉਪਰੰਤ ਅਪਣੇ ਆਪ ਜਗਮਗਾਉਣ ਲੱਗ ਜਾਣਗੀਆਂ ਅਤੇ ਸੂਰਜ ਚੜ੍ਹਨ ਉਪਰੰਤ ਬੰਦ ਹੋ ਜਾਣਗੀਆਂ। ਇਸ ਨਾਲ ਜਿਥੇ ਸ਼ਹਿਰ ਦੀਆਂ ਸੜਕਾਂ 'ਤੇ ਰੌਸ਼ਨੀ ਹੋਵੇਗੀ, ਉਥੇ ਨਾਲ-ਨਾਲ ਨਗਰ ਨਿਗਮ ਨੂੰ ਮੌਜੂਦਾ ਸਾਲਾਨਾ ਖ਼ਰਚ 'ਚੋਂ 7 ਕਰੋੜ ਰੁਪਏ ਦੀ ਬੱਚਤ ਵੀ ਹੋਵੇਗੀ। ਇਸ ਕੰਮ ਲਈ ਨਗਰ ਨਿਗਮ ਵਲੋਂ ਈ.ਈ.ਐਸ. ਲਿਮ. (ਐਲਰਜ਼ੀ ਐਫੀਜੋਨੀ ਸਰਵਿਸ ਲਿਮ.) ਨੂੰ 55 ਕਰੋੜ ਰੁਪਏ ਦਾ ਠੇਕਾ ਦਿਤਾ ਗਿਆ ਹੈ। ਇਹ ਕੰਪਨੀ ਅਗਲੇ 7 ਸਾਲਾਂ ਤਕ ਸ਼ਹਿਰ 'ਚ ਇਸ ਪ੍ਰਾਜੈਕਟ ਅਧੀਨ ਲਗੀਆਂ ਸਾਰੀਆਂ ਲਾਈਟਾਂ ਦੀ ਮੁਰੰਮਤ ਤੇ ਰਖ-ਰਖਾਅ ਮੁਫ਼ਤ ਕਰੇਗੀ। ਇਸ ਪ੍ਰਾਜੈਕਟ ਦਾ ਉਦਘਾਟਨ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਕਰਨਗੇ।
ਮਿਉਂਸਪਲ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਪ੍ਰਾਜੈਕਟ ਦੇ ਸ਼ੁਰੂ ਹੋ ਜਾਣ ਨਾਲ ਸ਼ਹਿਰ ਦੀ ਇਕ ਵੀ ਸੜਕ ਜਾਂ ਗਲੀ ਨਹੀਂ ਬਚੇਗੀ ਜਿਥੇ ਲਾਈਟਾਂ ਨਹੀਂ ਜਗਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਕ ਵੱਡਾ ਲਾਭ ਇਹ ਮਿਲੇਗਾ ਕਿ ਇਸ ਦਾ ਸਾਰਾ ਰਿਪੇਅਰ ਖਰਚ ਵੀ ਕੰਪਨੀ ਹੀ ਠੇਕੇ ਦੀ ਰਕਮ 'ਚੋਂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸ਼ਹਿਰ ਦੀਆਂ ਕੁੱਲ ਲਾਈਟਾਂ ਦਾ ਸਾਲਾਨਾ ਬਿਜਲੀ ਦਾ ਬਿਲ ਨਗਰ ਨਿਗਮ ਚੰਡੀਗੜ੍ਹ ਨੂੰ 12 ਕਰੋੜ 64 ਲੱਖ ਰੁਪਏ ਪੈਂਦਾ ਹੈ, ਜਦੋਂਕਿ ਇਹ ਕੰਪਨੀ ਦੇ ਕੰਮ ਮੁਕੰਮਲ ਹੋਣ ਬਾਅਦ 7 ਕਰੋੜ ਰੁਪਏ ਸਾਲਾਨ ਰੁਪਏ ਦੀ ਬੱਚਤ ਹੋਵੇਗੀ। ਨਗਰ ਨਿਗਮ ਦੇ ਇਲੈਕਟ੍ਰੀਕਲ ਵਿਭਾਗ ਦੇ ਐਕਸੀਅਨ ਨੇ ਕਿਹਾ ਕਿ ਇਨ੍ਹਾਂ ਐਲ.ਈ.ਡੀ. ਲਾਈਟਾਂ ਦੇ ਲਗਣ ਨਾਲ 60ਫ਼ੀਸਦੀ ਤਕ ਸਾਲਾਨਾ ਊਰਜਾ ਦੀ ਬੱਚਤ ਵੀ ਹੋਵੇਗੀ। ਠੇਕਾ ਲੈਣ ਵਾਲੀ ਕੰਪਨੀ ਦੇ ਜਨਰਲ ਮੈਨੇਜਰ ਜਸਪਾਲ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਦੁਆਰਾ ਲਾਈਆਂ ਜਾ ਰਹੀਆਂ ਲਾਈਟਾਂ ਪੂਰੀ ਤਰ੍ਹਾਂ ਆਟੋਮੈਟਿਕ ਹਨ ਅਤੇ ਇਨ੍ਹਾਂ ਦਾ ਕੰਟਰੋਲ ਕੰਪਨੀ ਦੇ ਲੋਕਲ ਦਫ਼ਤਰ 'ਚ ਲੱਗੇ ਕੰਪਿਊਟਰ ਸਰਵਰ 'ਤੇ ਕੁਨੈਕਟ ਕੀਤਾ ਜਾਵੇਗਾ ਤਾਂ ਕਿ ਪਤਾ ਲਗ ਸਕੇ ਕਿ ਕਿਥੇ ਖ਼ਰਾਬੀ ਆਈ ਹੈ ਅਤੇ ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਵੀਅਤਨਾਮ, ਯੂ.ਕੇ., ਸ੍ਰੀਲੰਕਾ, ਨੇਪਾਲ, ਭੂਟਾਨ, ਬੰਗਲੌਰ, ਥਾਈਲੈਂਡ, ਚੰਡੀਗੜ੍ਹ, ਗੁੜਗਾਓਂ ਵਰਗੇ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਸਫ਼ਲ ਪ੍ਰਾਜੈਕਟਾਂ ਨੂੰ ਫੈਲਾਇਆ ਜਾ ਰਿਹਾ ਹੈ। ਦਸਣਯੌਗ ਹੈ ਕਿ ਮਿਉਂਸਪਲ ਕਾਰਪੋਰੇਸ਼ਨ ਵਲੋਂ 2 ਮਹੀਨੇ ਪਹਿਲਾਂ ਪੂਰੇ ਸ਼ਹਿਰ 'ਚ ਲਾਈਟਾਂ ਲਾਉਣ ਲਈ ਇਕ ਸਰਵੇਖਣ ਕਰਵਾਇਆ ਗਿਆ ਸੀ ਅਤੇ ਇਹ ਪ੍ਰਾਜੈਕਟ ਭਾਰਤ ਸਰਕਾਰ ਦੇ ਊਰਜਾ ਵਿਕਾਸ ਮੰਤਰਾਲੇ ਦੇ ਸਾਂਝੇ ਸਹਿਯੋਗ ਨਾਲ ਚੰਡੀਗੜ੍ਹ 'ਚ ਇਕ ਪਾਇਲਟ ਪ੍ਰਾਜੈਕਟ ਵਜੋਂ ਚਲਾਇਆ ਜਾ ਰਿਹਾ ਹੈ, ਜਿਸ ਨਾਲ ਚੰਡੀਗੜ੍ਹ ਸ਼ਹਿਰ ਇਕ ਵਾਰ ਫਿਰ ਜਗਮਗਾ ਜਾਵੇਗਾ ਅਤੇ ਪੈਸੇ ਤੇ ਬਿਜਲੀ ਦੀ ਬੱਚਤ ਵੀ ਹੋਵੇਗੀ।