
ਮੁਹਾਲੀ ਅਤੇ ਨੇੜਲਿਆਂ ਇਲਾਕਿਆਂ ਵਿਚ ਅੱਜ ਪਈ ਭਰਵੀਂ ਬਰਸਾਤ ਕਾਰਨ ਹਰ ਪਾਸੇ ਜਲ ਥਲ ਹੋ ਗਈ। ਫ਼ੇਜ਼ 3ਬੀ-2 ਵਿੱਚ ਵੀ ਬਰਸਾਤ ਹੋਣ ਕਾਰਨ ਬੁਰਾ ਹਾਲ ਵੇਖਣ ਨੂੰ ਮਿਲਿਆ।
ਐਸ.ਏ.ਐਸ. ਨਗਰ (ਪਰਦੀਪ ਸਿੰਘ ਹੈਪੀ): ਮੁਹਾਲੀ ਅਤੇ ਨੇੜਲਿਆਂ ਇਲਾਕਿਆਂ ਵਿਚ ਅੱਜ ਪਈ ਭਰਵੀਂ ਬਰਸਾਤ ਕਾਰਨ ਹਰ ਪਾਸੇ ਜਲ ਥਲ ਹੋ ਗਈ। ਫ਼ੇਜ਼ 3ਬੀ-2 ਵਿੱਚ ਵੀ ਬਰਸਾਤ ਹੋਣ ਕਾਰਨ ਬੁਰਾ ਹਾਲ ਵੇਖਣ ਨੂੰ ਮਿਲਿਆ। ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਰੋਡ ਗਲੀਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਹੋ ਸਕੀ ਜਿਸ ਕਰ ਕੇ ਇਸ ਇਲਾਕੇ ਵਿਚ ਸੜਕਾਂ ਉੱਪਰ ਲੰਮਾਂ ਸਮਾਂ ਪਾਣੀ ਖੜਾ ਰਿਹਾ।
ਫੇਜ਼-5 ਵਿਚ ਐਚ ਈ ਮਕਾਨਾਂ ਵਿਚ ਵੀ ਪਾਣੀ ਦਾਖ਼ਲ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਿਉਂਸਪਲ ਕੌਂਸਲਰ ਅਰੁਨ ਸ਼ਰਮਾ ਨੇ ਦਸਿਆ ਕਿ ਉਹ ਬਰਸਾਤ ਵਿੱਚ ਹੀ ਘੁੰਮ ਫਿਰ ਕੇ ਰੋਡ ਗਲੀਆਂ ਸਾਫ ਕਰਵਾਉਂਦੇ ਰਹੇ ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਹੋਈ।
ਫੇਜ਼-4 ਦੀ ਮੁੱਖ ਸੜਕ ਵੀ ਇਸ ਬਰਸਾਤ ਕਾਰਨ ਪਾਣੀ ਨਾਲ ਭਰ ਗਈ, ਜਿਸ ਕਾਰਨ ਕਾਫੀ ਸਮਾਂ ਟ੍ਰੈਫਿਕ ਵੀ ਰੁਕਿਆ ਰਿਹਾ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਫੇਜ਼-2 ਅਤੇ 4 ਨੂੰ ਵੰਡਦੀ ਸੜਕ ਵੀ ਨਹਿਰ ਦਾ ਰੂਪ ਧਾਰਨ ਕਰ ਗਈ ਸੀ। ਫੇਜ਼-4 ਦੇ ਬੋਗਨਵਿਲੀਆ ਗਾਰਡਨ ਅਤੇ ਐਚ ਐਮ ਕੁਆਟਰਾਂ ਵਿਚਕਾਰਲੀ ਸੜਕ ਦਾ ਵੀ ਬੁਰਾ ਹਾਲ ਸੀ, ਹਰ ਪਾਸੇ ਹੀ ਬਰਸਾਤੀ ਪਾਣੀ ਖੜ੍ਹਾ ਸੀ। ਇਸ ਇਲਾਕੇ ਦੇ ਐਚ.ਐਮ ਕੁਆਟਰਾਂ ਵਿਚ ਵੀ ਪਾਣੀ ਦਾਖ਼ਲ ਹੋ ਗਿਆ।
ਫੇਜ਼-1 ਦਾ ਵੀ ਬਰਸਾਤ ਕਾਰਨ ਬੁਰਾ ਹਾਲ ਹੋ ਗਿਆ। ਸਥਾਨਕ ਫੇਜ਼-6 ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਨਹਿਰ ਦਾ ਰੂਪ ਧਾਰਨ ਕਰ ਗਈਆਂ। ਸਰਕਾਰੀ ਕਾਲਜ ਅਤੇ ਸਿਵਲ ਹਸਪਤਾਲ ਨੂੰ ਜਾਂਦੀ ਸੜਕ ਉੱਪਰ ਡੇਢ-ਡੇਢ ਫੁੱਟ ਪਾਣੀ ਖੜਾ ਸੀ, ਜਿਸ ਕਾਰਨ ਕਾਲਜ ਦੇ ਵਿਦਿਆਰਥੀਆਂ ਅਤੇ ਹਸਪਤਾਲ ਜਾਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਿਉਂਸਪਲ ਕੌਂਸਲਰ ਆਰ.ਪੀ. ਸ਼ਰਮਾ ਨੇ ਦਸਿਆ ਕਿ ਉਹ ਪੈਂਦੀ ਬਰਸਾਤ ਵਿਚ ਲੋਕਾਂ ਨਾਲ ਇਲਾਕੇ ਵਿੱਚ ਘੁੰਮ ਕੇ ਰੋਡ ਗਲੀਆਂ ਦੀ ਸਫਾਈ ਕਰਵਾਉਂਦੇ ਰਹੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ।
ਇਸੇ ਤਰ੍ਹਾਂ ਪਿੰਡ ਕੁੰਭੜਾ ਦੇ ਸਰਕਾਰੀ ਸਕੂਲ ਵਿੱਚ ਵੀ ਬਰਸਾਤੀ ਪਾਣੀ ਵੜ ਗਿਆ। ਇਹ ਬਰਸਾਤੀ ਪਾਣੀ ਕਲਾਸ ਰੂਮਾਂ ਵਿੱਚ ਵੀ ਚਲਾ ਗਿਆ, ਜਿਸ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ।। ਇਸੇ ਤਰ੍ਹਾਂ ਸਥਾਨਕ ਫੇਜ਼-10 ਵਿੱਚ ਮੁੱਖ ਸੜਕ ਉੱਪਰ ਮੀਂਹ ਦਾ ਪਾਣੀ ਭਰ ਗਿਆ। ਜਿਸ ਕਾਰਨ ਕਾਫੀ ਸਮਾਂ ਆਵਾਜਾਈ ਵੀ ਠੱਪ ਰਹੀ। ਫੇਜ਼-10 ਦੇ ਕੁਆਟਰਾਂ ਵਿੱਚ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਉੱਥੇ ਕਈ ਘੰਟੇ ਪਾਣੀ ਸੜਕਾਂ ਉੱਪਰ ਹੀ ਖੜਾ ਰਿਹਾ।
ਫੇਜ਼-9 ਦੇ ਐਚ ਈ ਕੁਆਟਰਾਂ ਅੱਗੇ ਵੀ ਭਾਰੀ ਬਰਸਾਤ ਪੈਣ ਕਾਰਨ ਵੱਡੀ ਮਾਤਰਾ ਵਿੱਚ ਪਾਣੀ ਖੜ੍ਹਾ ਰਿਹਾ। ਸੜਕਾਂ ਉੱਪਰ ਪਾਣੀ ਖੜਨ ਕਾਰਨ ਕਾਫੀ ਸਮਾਂ ਇਸ ਇਲਾਕੇ ਵਿੱਚ ਵੀ ਆਵਾਜਾਈ ਠੱਪ ਰਹੀ।
ਫੇਜ਼-7 ਦੇ ਵਾਈ ਪੀ ਐਸ ਚੌਂਕ ਵਿੱਚ 2-2 ਫੁੱਟ ਤੱਕ ਬਰਸਾਤੀ ਪਾਣੀ ਖੜਾ ਹੋਣ ਕਰਕੇ ਉੱਥੇ ਆਵਾਜਾਈ ਕਾਫੀ ਸਮਾਂ ਠੱਪ ਰਹੀ ਅਤੇ ਕਾਫੀ ਲੰਮਾ ਜਾਮ ਲੱਗਿਆ ਰਿਹਾ। ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਸਨ।ਇਸ ਦੌਰਾਨ ਮੁਹਾਲੀ ਸ਼ਹਿਰ ਦੀਆਂ ਸਾਰੀਆਂ ਹੀ ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ। ਤੇਜ ਬਰਸਾਤ ਸਮੇਂ ਟ੍ਰੈਫਿਕ ਜਾਮ ਵੀ ਲੱਗ ਗਏ ਸਨ। ਵੱਡੀ ਗਿਣਤੀ ਵਾਹਨਾਂ ਵਿਚ ਸੜਕਾਂ ਤੇ ਖੜ੍ਹਾ ਬਰਸਾਤੀ ਪਾਣੀ ਪੈਣ ਕਾਰਨ ਉਹ ਸੜਕਾਂ ਉਪਰ ਹੀ ਬੰਦ ਹੋ ਗਏ ਸਨ। ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪੈਂਦਾ ਰਿਹਾ। ਇਸ ਬਰਸਾਤ ਕਾਰਨ ਸ਼ਹਿਰ ਦਾ ਜਨਜੀਵਨ ਪੂਰੀ ਤਰ੍ਹਾ ਅਸਤ ਵਿਅਸਤ ਹੋ ਗਿਆ।