ਰਾਜਸਥਾਨ ਦੇ ਪਿੰਡ ਨੋਹ, ਜ਼ਿਲ੍ਹਾ ਭਗਤਪੁਰ ਦੇ ਰਹਿਣ ਵਾਲੇ ਪੱਪੂ ਅਤੇ ਉਸਦੀ ਪਤਨੀ ਦਾ ਅੱਜ ਉਦੋਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੇ 2 ਸਾਲ ਪਹਿਲਾਂ ਗੁਆਚੇ
ਐਸ.ਏ.ਐਸ. ਨਗਰ, 29 ਜੁਲਾਈ (ਪਰਦੀਪ ਹੈਪੀ) : ਰਾਜਸਥਾਨ ਦੇ ਪਿੰਡ ਨੋਹ, ਜ਼ਿਲ੍ਹਾ ਭਗਤਪੁਰ ਦੇ ਰਹਿਣ ਵਾਲੇ ਪੱਪੂ ਅਤੇ ਉਸਦੀ ਪਤਨੀ ਦਾ ਅੱਜ ਉਦੋਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੇ 2 ਸਾਲ ਪਹਿਲਾਂ ਗੁਆਚੇ ਪੁੱਤਰ ਵਿਸ਼ਨੂੰ ਨੂੰ ਅੱਖਾਂ ਸਾਹਮਣੇ ਵੇਖਿਆ। ਵਿਸ਼ਣੂ ਨੂੰ ਲੱਭਣ ਲਈ ਉਨ੍ਹਾਂ ਨੇ ਦੇਸ਼ ਦਾ ਕੋਈ ਕੋਨਾ ਨਹੀਂ ਛੱਡਿਆ ਸੀ, ਪ੍ਰ੍ਰੰਤੂ ਆਧਾਰ ਕਾਰਡ ਵਿਸ਼ਨੂੰ ਨੂੰ ਅਪਣੇ ਮਾਪਿਆਂ ਨੂੰ ਮਿਲਾਉਣ ਦਾ ਸਭ ਤੋਂ ਵੱਡਾ ਜ਼ਰੀਆ ਬਣਿਆ। 14 ਸਾਲਾ ਵਿਸ਼ਨੂੰ ਨੂੰ ਡੀ.ਸੀ. ਸ਼੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਬਾਲ ਭਲਾਈ ਕਮੇਟੀ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਮੈਂਬਰਾਂ ਦੀ ਮੌਜੂਦਗੀ ਵਿਚ ਮਾਪਿਆਂ ਹਵਾਲੇ ਕੀਤਾ। ਉਨ੍ਹਾਂ ਮੌਕੇ 'ਤੇ ਅਪਣੇ ਵਲੋਂ ਸ਼ੁਰੂ ਕੀਤੀ ਗਈ 'ਮਿਸ਼ਨ ਪੁਸ਼ਤਕ' ਤਹਿਤ ਵਿਸ਼ਣੂ ਨੂੰ ਪੜ੍ਹਨ ਲਈ ਪੰਜ ਕਿਤਾਬਾਂ ਵੀ ਦਿਤੀਆਂ ਅਤੇ ਮਾਪਿਆਂ ਨੂੰ ਵਿਸ਼ਨੂੰ ਦੀ ਪੜ੍ਹਾਈ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਚਿਲਡਰਨ ਹੋਮ ਦੁਸਾਰਨਾ ਦੀ ਸੁਪਰਡੈਂਟ ਜਸਵੀਰ ਕੌਰ ਅਤੇ ਕੌਂਸਲਰ ਅਜੇ ਭਾਰਤੀ ਨੇ ਦਸਿਆ ਕਿ ਵਿਸ਼ਨੂੰ ਨਵੰਬਰ 2015 'ਚ ਰੇਲਵੇ ਪੁਲਿਸ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਮਿਲਿਆ ਸੀ ਅਤੇ ਉਸਨੂੰ ਬਾਲ ਭਲਾਈ ਕਮੇਟੀ ਲੁਧਿਆਣਾ ਦੇ ਆਦੇਸ਼ਾਂ ਅਨੁਸਾਰ ਚਿਲਡਰਨ ਹੋਮ ਦੁਸਾਰਨਾ ਭੇਜਿਆ ਸੀ। ਜਦੋਂ ਉਹ ਆਇਆ ਸੀ ਤਾਂ ਉਹ ਸਿਰਫ਼ ਪਿੰਡ ਦਾ ਨਾਂ ਹੀ ਦਸਦਾ ਸੀ। ਵਿਸ਼ਨੂੰ ਨੂੰ ਪਿਛਲੇ ਸਾਲ ਸਰਕਾਰੀ ਸਕੂਲ ਕੁਰਾਲੀ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੌਰਾਨ ਸਕੂਲ ਪ੍ਰਸ਼ਾਸਨ ਨੇ ਵਿਸ਼ਨੂੰ ਦੇ ਆਧਾਰ ਕਾਰਡ ਦੀ ਮੰਗ ਕੀਤੀ। ਆਧਾਰ ਕਾਰਡ ਲਈ ਸੈਂਟਰ ਵਿਖੇ ਜਾ ਕੇ ਵਿਸ਼ਨੂੰ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਪ੍ਰੰਤੂ ਅਧਿਕਾਰੀ ਨੇ ਦਸਿਆ ਗਿਆ ਕਿ ਆਧਾਰ ਕਾਰਡ ਸਬੰਧੀ ਰਜਿਸਟ੍ਰੇਸ਼ਨ ਨਾ ਮਨਜ਼ੂਰ ਹੋ ਗਈ, ਜਿਸ 'ਤੇ ਚੰਡੀਗੜ੍ਹ ਰਿਜ਼ਨਲ ਦਫ਼ਤਰ ਆਫ਼ ਯੂ.ਆਈ. ਡੀ.ਏ. ਆਈ. ਨਾਲ ਜਾਂਚ ਉਪਰੰਤ ਪਾਇਆ ਗਿਆ ਕਿ ਵਿਸ਼ਨੂੰ ਦੇ ਬਾਇਓਮੈਟ੍ਰਿਕਸ ਪਿੰਡ ਨੋਹ, ਜ਼ਿਲ੍ਹਾ ਭਰਤਪੁਰ ਰਾਜਸਥਾਨ ਦੇ ਨਾਲ ਮੇਲ ਖਾ ਰਹੇ ਹਨ। ਇਸ ਸਬੰਧੀ ਜਾਣਕਾਰੀ ਭਰਤਪੁਰ ਸੈਂਟਰ ਨੂੰ ਦਿਤੀ ਗਈ ਅਤੇ ਉਸਦੇ ਮਾਤਾ-ਪਿਤਾ ਦੀ ਭਾਲ ਕਰਕੇ ਜਦੋਂ ਫੋਟੋ ਵਿਖਾਈ ਗਈ ਤਾਂ ਉਨ੍ਹਾਂ ਵਿਸ਼ਨੂੰ ਨੂੰ ਪਛਾਣ ਲਿਆ। ਸਹਾਇਕ ਡਾਇਰੈਕਟਰ ਜਨਰਲ ਯੂ.ਆਈ. ਡੀ.ਏ. ਆਈ ਚੰਡੀਗੜ੍ਹ ਨੇ ਦਸਿਆ ਕਿ ਅੱਜ ਵਿਸ਼ਣੂ 'ਆਧਾਰ' ਕਰਕੇ ਹੀ ਮਾਪਿਆਂ ਨੂੰ ਦੁਬਾਰਾ ਮਿਲ ਸਕਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰੇਕ ਨਾਗਰਿਕ ਨੂੰ ਅਪਣਾ ਆਧਾਰ ਕਾਰਡ ਜ਼ਰੂਰ ਬਣਾਉਣਾ ਚਾਹੀਦਾ ਹੈ।