
ਪੰਜਾਬ ਦੀਆਂ 32 ਜਥੇਬੰਦੀਆਂ ਤੇ ਕਿਸਾਨ ਮੋਰਚੇ ਨੇ ਲਿਆ ਲੱਖਾ ਸਿਧਾਣਾ ਦੇ ਹੱਕ ਵਿਚ ਫ਼ੈਸਲਾ
ਅੰਦੋਲਨ ਵਿਚ ਨਾਲ ਲੈ ਕੇ ਚਲਣਗੀਆਂ, ਭਲਕੇ ਪੰਜਾਬ ਵਿਚ ਦਾਖ਼ਲ ਹੋਵੇਗੀ 'ਮਿੱਟੀ ਸਤਿਆਗ੍ਰਹਿ ਯਾਤਰਾ'
ਚੰਡੀਗੜ੍ਹ, 1 ਅਪ੍ਰੈਲ (ਭੁੱਲਰ): ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਲੱਖਾ ਸਿਧਾਣਾ ਅਤੇ ਉਸ ਨਾਲ ਜੁੜੀ ਹੋਈ ਨੌਜਵਾਨ ਫ਼ੋਰਸ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ | ਅਸੀਂ ਉਨ੍ਹਾਂ ਸਾਰੀਆਂ ਜਥੇਬੰਦੀਆਂ, ਆਗੂਆਂ, ਸਿੱਖ ਚਿੰਤਕਾਂ, ਖਿਡਾਰੀ ਵਰਗ, ਕਲਾਕਾਰ ਭਾਈਚਾਰੇ ਦਾ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਸਾਨੀ ਘੋਲ ਨੂੰ ਮਜ਼ਬੂਤ ਕਰਨ ਲਈ ਇਸ ਮਸਲੇ ਨੂੰ ਹੱਲ ਕੀਤਾ |
ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਐਫ਼ਸੀਆਈ ਬਚਾਉ ਦਿਵਸ 5 ਅਪ੍ਰੈਲ ਨੂੰ ਮਨਾਇਆ ਜਾਵੇਗਾ | ਦੇਸ਼ ਭਰ ਦੇ ਐਫ਼ਸੀਆਈ ਦਫ਼ਤਰਾਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤਕ ਘੇਰਿਆ ਜਾਵੇਗਾ | ਆਗੂਆਂ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਅੰਨ ਪੈਦਾ ਕਰਨ ਵਾਲੇ ਅਤੇ ਅੰਨ ਖਾਣ ਵਾਲੇ ਦੋਵਾਂ ਲਈ ਭਵਿੱਖ ਦੀ ਗੱਲ ਹੈ, ਇਸ ਲਈ ਇਸ ਦਿਨ ਇਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਹਿੱਸਾ ਲਉ | ਕਿਸਾਨਾਂ ਦੀ ਮੰਗ ਹੈ ਕਿ ਸਾਰੇ ਕਿਸਾਨਾਂ ਨੂੰ ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਰੰਟੀ ਦਿਤੀ ਜਾਵੇ ਅਤੇ ਰਾਸ਼ਨ ਸਿਸਟਮ ਸੁਚਾਰੂ ਢੰਗ ਨਾਲ ਚਲਾਇਆ ਜਾਵੇ | ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਸੰਸਦ ਮੇਂਬਰਾਂ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਦੀ ਬੇਨਤੀ ਕਰਦੇ ਹਾਂ | ਸੰਯੁਕਤ ਕਿਸਾਨ ਮੋਰਚਾ ਨੇ ਇਨ੍ਹਾਂ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਸਤੀਫ਼ੇ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਸਕਦੇ ਹਨ |
ਖੇਤੀ ਕਾਨੂੰਨਾਂ ਵਿਰੁਧ ਦੇਸ਼-ਭਰ ਦੇ ਲੋਕਾਂ ਨੂੰ ਜੋੜਨ ਦੇ ਉਦੇਸ਼ ਨਾਲ ਸਮਾਜਕ ਕਾਰਕੁਨ ਮੇਧਾ ਪਾਟੇਕਰ ਦੀ ਅਗਵਾਈ ਵਿਚ ਕੱਢੀ ਜਾ ਰਹੀ 'ਮਿੱਟੀ-ਸਤਿਆਗ੍ਰਹਿ ਯਾਤਰਾ' ਭਲਕੇ 3 ਅਪ੍ਰੈਲ ਨੂੰ ਪੰਜਾਬ ਵਿਚ ਦਾਖ਼ਲ ਹੋਵੇਗੀ, ਪੰਜਾਬ ਵਿਚ ਦਾਖ਼ਲੇ ਉਪਰੰਤ ਯਾਤਰਾ ਦਾ ਪੜਾਅ ਮਾਨਸਾ ਵਿਖੇ ਹੋਵੇਗਾ | 4 ਅਪ੍ਰੈਲ ਨੂੰ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਵਿਖੇ ਇਹ ਯਾਤਰਾ ਪਹੁੰਚੇਗੀ ਸ਼ਹੀਦਾਂ ਦੀ ਧਰਤੀ ਤੋਂ ਮਿੱਟੀ ਇਕੱਠੀ ਕਰਨ ਉਪਰੰਤ 5 ਅਪ੍ਰੈਲ ਨੂੰ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਇਹ ਯਾਤਰਾ 6 ਅਪ੍ਰੈਲ ਨੂੰ ਟਿਕਰੀ ਅਤੇ ਸਿੰਘੂ ਕਿਸਾਨ-ਮੋਰਚਿਆਂ 'ਤੇ ਸਮਾਪਤ ਹੋਵੇਗੀ |
12 ਮਾਰਚ ਤੋਂ ਸ਼ੁਰੂ ਹੋਈ ਇਹ ਯਾਤਰਾ ਪਿੰਡ ਪਿੰਡ ਤਕ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ 6 ਅਪ੍ਰੈਲ ਤਕ ਕੀਤੀ ਜਾ ਰਹੀ ਹੈ | ਯਾਤਰਾ ਦੌਰਾਨ ਹੁਣ ਤਕ 16 ਰਾਜਾਂ ਦੇ ਇਤਿਹਾਸਕ ਸਥਾਨਾਂ ਤੋਂ ਮਿੱਟੀ imageਇਕੱਠੀ ਕੀਤੀ ਜਾ ਚੁੱਕੀ ਹੈ | ਇਕੱਠੀ ਕੀਤੀ ਮਿੱਟੀ ਨਾਲ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ |