
ਪੰਜਾਬ ਦਾ ਬਠਿੰਡਾ ਰਿਹਾ ਸਭ ਤੋਂ ਗਰਮ, ਉਤਰ ਭਾਰਤ ’ਚ ਕਈ ਥਾਈਂ ਪਾਰਾ 41 ਡਿਗਰੀ
ਚੰਡੀਗੜ੍ਹ, 1 ਅਪ੍ਰੈਲ (ਪਪ) : ਇਸ ਵਾਰੀ ਮਾਰਚ ਮਹੀਨੇ ਵਿਚ ਹੀ ਗਰਮੀ ਨੇ ਕਹਿਰ ਮਚਾ ਦਿਤਾ ਹੈ। ਦੇਸ਼ ਦੇ ਉਤਰ ਭਾਰਤ ਵਿਚ ਗਰਮੀ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਚੰਡੀਗੜ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਪੈਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਹਨ, ਜਿਸ ਨਾਲ ਹਾਲੇ ਕੁੱਝ ਦਿਨ ਗਰਮੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬਠਿੰਡਾ ਸਭ ਤੋਂ ਗਰਮ ਰਿਹਾ ਹੈ। 1 ਅਪ੍ਰੈਲ ਨੂੰ ਬਠਿੰਡਾ ਦਾ ਤਾਪਮਾਨ 39.7 ਡਿਗਰੀ ਰਿਕਾਰਡ ਕੀਤਾ ਗਿਆ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿਚ ਰਿਕਾਰਡ ਕੀਤਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 33.7 ਰਿਕਾਰਡ ਕੀਤਾ ਹੈ। ਚੰਡੀਗੜ ਵਿਚ 36 ਡਿਗਰੀ ਤਾਪਮਾਨ ਰਿਹਾ ਹੈ। ਇਸੇ ਤਰ੍ਹਾਂ 30.03.22 ਨੂੰ ਪਟਿਆਲਾ ਲਈ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ (38.8 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਸਾਲ 1953 ਵਿਚ ਇਹ ਰਿਕਾਰਡ 37.8 ਡਿਗਰੀ ਸੈਲਸੀਅਸ ਸੀ। ਉਤਰ ਭਾਰਤ ’ਚ ਗਰਮੀ ਕਰਕੇ ਹਾਹਾਕਾਰ ਮੱਚੀ ਹੋਈ ਹੈ। ਮਾਰਚ ਮਹੀਨੇ ਵਿਚ ਹੀ ਜੂਨ-ਜੁਲਾਈ ਵਰਗੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਇਸ ਸਮੇਂ ਉੱਤਰ ਭਾਰਤ ਦੇ ਕਈ ਸ਼ਹਿਰਾਂ ’ਚ ਤਾਪਮਾਨ 43-44 ਡਿਗਰੀ ਤਕ ਪਹੁੰਚ ਚੁੱਕਿਆ ਹੈ।
ਮੌਸਮ ਮਾਹਰਾਂ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿਤੀ ਸੀ ਕਿ ਸਾਲ 2022 ਇਤਿਹਾਸ ਦਾ ਸਭ ਤੋਂ ਗਰਮ ਸਾਲ ਹੋ ਸਕਦਾ ਹੈ। ਇਸ ਦਾ ਕਾਰਨ ਇਹ ਵੀ ਕਿ ਦਿਨੋਂ ਦਿਨ ਧਰਤੀ ਦਾ ਵਾਤਾਵਰਣ ਖ਼ਰਾਬ ਹੁੰਦਾ ਜਾ ਰਿਹਾ ਹੈ। ਜਲਵਾਯੂ ਪਰਿਵਰਤਨ ਕਰਕੇ ਹਰ ਸਾਲ ਤਾਪਮਾਨ ਵਿਚ 2 ਡਿਗਰੀ ਸੈਲਸੀਅਸ ਦਾ ਵਾਧਾ ਹੋ ਰਿਹਾ ਹੈ।
ਇਹੀ ਨਹੀਂ ਤਾਪਮਾਨ ਵਧਣ ਕਰਕੇ ਨੋਰਥ ਪੋਲ ਯਾਨਿ ਉੱਤਰੀ ਧਰੁਵ ’ਤੇ ਬਰਫ਼ ਵੀ ਪਿਘਲਣੀ ਸ਼ੁਰੂ ਹੋ ਚੁੱਕੀ ਹੈ। ਇਸ ਕਰਕੇ ਹੁਣ ਧਰਤੀ ਵਾਸੀਆਂ ਨੂੰ ਵੱਧ ਤੋਂ ਵੱਧ ਗਰਮੀ ਸਹਿਣ ਲਈ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਪਰ ਇਸ ਦੇ ਨਾਲ ਹੀ ਮੌਸਮ ਮਾਹਰਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੂਰੀ ਦੁਨੀਆ ਮਿਲ ਕੇ ਵਾਤਾਵਰਣ ਦੀ ਰੱਖਿਆ ਕਰੇ, ਭਾਵ ਵੱਧ ਤੋਂ ਵੱਧ ਰੁੱਖ ਲਾਏ ਜਾਣ। ਪਟਰੌਲ ਡੀਜ਼ਲ ਦੇ ਵਾਹਨਾਂ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਵੇ, ਤਾਂ ਵਾਤਾਵਰਨ ਵਿਚ ਹੌਲੀ ਹੌਲੀ ਸੁਧਾਰ ਹੋ ਸਕਦਾ ਹੈ।