
ਕੁਝ ਦਿਨ ਪਹਿਲਾਂ ਰੇਤ ਮਾਈਨਿੰਗ ਨਾਲ ਸਬੰਧਤ ਗੁੰਡਾ ਟੈਕਸ ਰੈਕੇਟ ਵਿਰੁੱਧ ਕੀਤੀ ਸੀ ਵੱਡੀ ਕਾਰਵਾਈ
ਚੰਡੀਗੜ੍ਹ - ਪੰਜਾਬ ਵਿਚ ਤਾਇਨਾਤ ਆਈਪੀਐਸ ਅਧਿਕਾਰੀ ਧਰੂਮਨ ਨਿੰਬਾਲੇ ਦੇ ਤਬਾਦਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਮਾਨ ਸਰਕਾਰ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਬਦਲ ਕੇ ਮੁਕਤਸਰ ਵਿਚ ਐੱਸਐੱਸਪੀ ਲਗਾਇਆ ਹੈ। ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਹੁਸ਼ਿਆਰਪੁਰ 'ਚ ਮਾਈਨਿੰਗ ਯਾਨੀ ਰੇਤ ਦੀ ਖਾਨ ਨਾਲ ਸਬੰਧਤ ਗੁੰਡਾ ਟੈਕਸ ਦਾ ਰੈਕੇਟ ਫੜਿਆ ਸੀ। ਜਿਸ ਵਿਚ 1.53 ਕਰੋੜ ਦੀ ਵਸੂਲੀ ਕੀਤੀ ਗਈ ਸੀ।
ਇਸ 'ਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਕਿਹਾ ਕਿ ਜਿਸ ਅਧਿਕਾਰੀ ਨੇ ਮਾਈਨਿੰਗ ਮਾਫੀਆ ਖਿਲਾਫ਼ ਕਾਰਵਾਈ ਕਰਨ ਦੀ ਹਿੰਮਤ ਦਿਖਾਈ, ਉਸ ਨੂੰ 5 ਦਿਨਾਂ ਦੇ ਅੰਦਰ-ਅੰਦਰ ਬਦਲ ਦਿੱਤਾ ਗਿਆ। ਸੀ.ਐਮ.ਭਗਵੰਤ ਮਾਨ ਨੇ ਉਸ ਦਾ ਹੌਂਸਲਾ ਵਧਾਉਣ ਦੀ ਬਜਾਏ ਉਸ ਦਾ ਤਬਾਦਲਾ ਕਰ ਦਿੱਤਾ। ਮੈਨੂੰ ਉਮੀਦ ਹੈ ਕਿ ਇਹ ਬਦਲਾਅ ਨਹੀਂ ਹੈ।
ਧਰੂਮਨ ਨਿੰਬਾਲੇ 2010 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਤਰਨਤਾਰਨ, ਮੋਗਾ ਅਤੇ ਹੁਸ਼ਿਆਰਪੁਰ ਵਿੱਚ ਐੱਸਐੱਸਪੀ ਰਹਿੰਦਿਆਂ ਰੇਤ ਦੀ ਨਾਜਾਇਜ਼ ਮਾਈਨਿੰਗ 'ਤੇ ਸਖ਼ਤ ਕਾਰਵਾਈ ਕੀਤੀ। ਉਹਨਾਂ ਨੇ ਇਸ ਸਬੰਧੀ 100 ਤੋਂ ਵੱਧ ਕੇਸ ਦਰਜ ਕੀਤੇ ਹਨ। ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਸਰਕਾਰੀ ਅਫ਼ਸਰ ਹੋਣ ਦਾ ਬਹਾਨਾ ਲਾ ਕੇ ਗੁੰਡਾ ਟੈਕਸ ਵਸੂਲਣ ਵਾਲੇ ਗਰੋਹ ਨੂੰ ਫੜਿਆ ਸੀ। ਧੁੰਮਨ ਨਿੰਬਲ ਦਾ ਪਿਛਲੇ 8 ਸਾਲਾਂ ਵਿਚ 18 ਵਾਰ ਤਬਾਦਲਾ ਹੋਇਆ ਹੈ। ਪਿਛਲੇ ਦੋ ਤਬਾਦਲਿਆਂ ਦੌਰਾਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ।
ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 1.53 ਕਰੋੜ ਰੁਪਏ ਦੀ ਵਸੂਲੀ ਕਰਕੇ ਰੇਤ ਮਾਫੀਆ ਗਰੋਹ ਨੂੰ ਫੜਨ ਵਾਲੇ ਹੁਸ਼ਿਆਰਪੁਰ ਦੇ ਐੱਸਐੱਸਪੀ ਦੀ ਬਦਲੀ ਹੋਣਾ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਦਲਾਅ ਦੀ ਜਗ੍ਹਾ ਅਫ਼ਸਰਾਂ ਨੂੰ ਇਨਾਮ ਵਿਚ ਤਬਾਦਲੇ ਦਿੱਤੇ ਜਾ ਰਹੇ ਹਨ। ਅਧਿਕਾਰੀ ਨੂੰ ਲੈ ਕੇ ਵਿਵਾਦ ਦਾ ਵੱਡਾ ਕਾਰਨ ਆਮ ਆਦਮੀ ਪਾਰਟੀ ਦੇ ਚੋਣ ਵਾਅਦੇ ਹਨ। 'ਆਪ' ਨੇ ਭਰੋਸਾ ਦਿੱਤਾ ਸੀ ਕਿ ਉਹ ਰੇਤ ਮਾਫੀਆ ਨੂੰ ਖ਼ਤਮ ਕਰੇਗੀ। ਇਸ ਦੇ ਲਈ ਸਰਕਾਰ ਨਵੀਂ ਨੀਤੀ ਵੀ ਬਣਾ ਰਹੀ ਹੈ। ਇਸ ਦੇ ਬਾਵਜੂਦ ਰੇਤ ਮਾਫੀਆ 'ਤੇ ਕਾਰਵਾਈ ਕਰਨ ਵਾਲੇ ਅਧਿਕਾਰੀ ਨੂੰ ਬਦਲ ਦਿੱਤਾ ਗਿਆ।
‘ਆਪ’ ਆਗੂ ਮਾਲਵਿੰਦਰ ਕੰਗ ਨੇ ਕਿਹਾ ਕਿ ਇਹ ਰੁਟੀਨ ਦੀ ਤਬਦੀਲੀ ਹੈ। ਇਸ ਨੂੰ ਕਿਸੇ ਖਾਸ ਗੱਲ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਿਰਫ਼ ਹੁਸ਼ਿਆਰਪੁਰ ਹੀ ਨਹੀਂ ਸਗੋਂ ਮੁਹਾਲੀ ਅਤੇ ਪਟਿਆਲਾ ਦੇ ਐਸਐਸਪੀ ਵੀ ਬਦਲੇ ਗਏ ਹਨ। ਇਹ ਸਰਕਾਰ ਦਾ ਰੁਟੀਨ ਪ੍ਰਸ਼ਾਸਨਿਕ ਫੇਰਬਦਲ ਹੈ। ਇਸ ਨੂੰ ਕਿਸੇ ਰਾਜਨੀਤੀ ਨਾਲ ਜੋੜ ਕੇ ਸਵਾਲ ਨਹੀਂ ਉਠਾਏ ਜਾਣੇ ਚਾਹੀਦੇ।