
ਭਾਰਤ ਵਿਚ ਗਰਮੀ ਨੇ ਤੋੜਿਆ 122 ਸਾਲ
ਨਵੀਂ ਦਿੱਲੀ, 2 ਅਪ੍ਰੈਲ : ਭਾਰਤ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ ਵਿਚ 122 ਸਾਲਾਂ ’ਚ ਮਾਰਚ ਦਾ ਮਹੀਨਾ ਸੱਭ ਤੋਂ ਗਰਮ ਰਿਹਾ ਅਤੇ ਇਸ ਮਹੀਨੇ ਵਿਚ ਦੇਸ਼ ’ਚ ਭੀਸ਼ਣ ਗਰਮੀ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਨੇ ਇਸ ਭਿਆਨਕ ਗਰਮੀ ਲਈ ਉਤਰ ਭਾਰਤ ਵਿਚ ਸਰਗਰਮ ਪਛਮੀ ਗੜਬੜੀ ਅਤੇ ਦਖਣੀ ਭਾਰਤ ਵਿਚ ਕਿਸੇ ਵੀ ਵਿਆਪਕ ਤੰਤਰ ਦੇ ਨਾ ਬਣਨ ਕਾਰਨ ਬਾਰਸ਼ ਦੀ ਕਮੀ ਨੂੰ ਜ਼ਿੰਮੇਦਾਰ ਦਸਿਆ। ਪੂਰੇ ਦੇਸ਼ ਵਿਚ 8.9 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜੋ ਕਿ ਇਸ ਦੀ ਲੰਮੀ ਮਿਆਦ ਦੀ ਔਸਤ ਬਾਰਸ਼ 30.4 ਮਿਮੀ ਤੋਂ 71 ਫ਼ੀ ਸਦੀ ਘੱਟ ਸੀ। ਸਾਲ 1909 ਵਿਚ 7.2 ਮਿਮੀ ਅਤੇ 1908 ਵਿਚ 8.7 ਮਿਮੀ ਦੇ ਬਾਅਦ 1901 ਤੋਂ ਮਾਰਚ ਵਿਚ ਤੀਜੀ ਵਾਰ ਸੱਭ ਤੋਂ ਘੱਟ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮਾਰਚ ਦਾ ਮਹੀਨਾ 1901 ਤੋਂ ਬਾਅਦ ਸੱਭ ਤੋਂ ਗਰਮ ਦਰਜ ਕੀਤਾ ਗਿਆ ਹੈ।
ਆਈਐਮਡੀ ਨੇ ਇਕ ਬਿਆਨ ਵਿਚ ਕਿਹਾ, ‘‘ਪੂਰੇ ਦੇਸ਼ ਵਿਚ ਮਾਰਚ 2022 ’ਚ ਦਰਜ ਕੀਤਾ ਗਿਆ ਔਸਤ ਵਧ ਤੋਂ ਵਧ ਤਾਪਮਾਨ (33.10 ਡਿਗਰੀ) ਪਿਛਲੇ 122 ਸਾਲਾਂ ’ਚ ਸੱਭ ਤੋਂ ਵਧ ਹੈ।’’ ਮਾਰਚ 2010 ’ਚ ਦੇਸ਼ ਦਾ ਵਧ ਤੋਂ ਵਧ ਤਾਪਮਾਨ 26.67 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਦੇਸ਼ ਭਰ ਵਿਚ ਇਸ ਸਾਲ ਮਾਰਚ ’ਚ ਔਸਤ ਘੱਟੋ ਘੱਟ ਤਾਪਮਾਨ 20.24 ਡਿਗਰੀ ਸੀ, ਜੋ 1953 ’ਚ 20.26 ਡਿਗਰੀ ਸੈਲਸੀਅਸ ਅਤੇ 2010 ਵਿਚ 20.25 ਡਿਗਰੀ ਸੈਲਸੀਅਸ ਦੇ ਬਾਅਦ 122 ਸਾਲਾਂ ’ਚ ਤੀਜਾ ਸੱਭ ਤੋਂ ਵਧ ਤਾਪਮਾਨ ਸੀ। ਇਸ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਤਰੀ ਅਤੇ ਮੱਧ ਭਾਰਤ ਵਿਚ ਫ਼ਿਲਹਾਲ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਪ੍ਰੈਲ ਦਾ ਪੂਰਾ ਮਹੀਨਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਅਪ੍ਰੈਲ ਦੇ ਪਹਿਲੇ ਹਫ਼ਤੇ ਲੂ ਦੇ ਹਾਲਾਤ ਬਣੇ ਰਹਿਣਗੇ। ਦਿੱਲੀ ’ਚ 4 ਤੋਂ 8 ਅਪ੍ਰੈਲ ਦਰਮਿਆਨ ਤਾਪਮਾਨ 40 ਤੋਂ 41 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ ਹੈ। ਇਸ ਨਾਲ ਹੀ ਗਰਮ ਹਵਾਵਾਂ ਯਾਨੀ ਗਰਮੀ ਵੀ ਲੋਕਾਂ ਨੂੰ ਪਰੇਸ਼ਾਨ ਕਰੇਗੀ। ਮੌਸਮ ਵਿਭਾਗ ਨੇ ਇਸ ਸਾਲ ਦੇਸ਼ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਪ੍ਰੈਲ ਦੇ ਮਹੀਨੇ ਉਤਰ-ਪੂਰਬੀ ਭਾਰਤ ਦੇ ਕੁੱਝ ਹਿੱਸੇ ਆਮ ਨਾਲੋਂ ਜ਼ਿਆਦਾ ਗਰਮ ਰਹਿ ਸਕਦੇ ਹਨ। (ਏਜੰਸੀ)