
ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਮਿਆਰੀ ਅਤੇ ਗੁਣਵੱਤਾ ਵਾਲਾ ਖਾਣਾ ਮੁਹਈਆ ਕਰਵਾਉਣਾ ਯਕੀਨੀ ਬਣਾਵਾਂਗੇ : ਸਮਰਿਤੀ ਇਰਾਨੀ
ਚੰਡੀਗੜ੍ਹ, 2 ਅਪ੍ਰੈਲ (ਗੁਰਉਪਦੇਸ਼ ਭੁੱਲਰ): ਮਹਿਲਾ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਹੈ ਕਿ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਮਿਆਰੀ ਤੇ ਗੁਣਵੱਤਾ ਭਰਪੂਰ ਖਾਣਾ ਮੁਹਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਰਾਜਾਂ ਨੂੰ ਵਿਸ਼ੇਸ਼ ਹਦਾਇਤਾਂ ਦਿਤੀਆਂ ਗਈਆਂ ਹਨ। ਅੱਜ ਇਥੇ ਮਹਿਲਾ ਤੇ ਬਾਲ ਵਿਕਾਸ ਦੀਆਂ ਯੋਜਨਾਵਾਂ ਨੂੰ ਲੈ ਕੇ ਪਹਿਲੀ ਜ਼ੋਨਲ ਕਾਨਫ਼ਰੰਸ ਵਿਚ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦਿਤੇ ਜਾਣ ਵਾਲੇ ਖਾਣੇ ਦੀ ਕੁਆਲਟੀ ਦਾ ਹਰ 15 ਦਿਨ ਬਾਅਦ ਨਿਰੀਖਣ ਜ਼ਰੂਰੀ ਕੀਤਾ ਗਿਆ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਫ਼ੰਡਾਂ ਦੀ ਦੁਰਵਰਤੋਂ ਰੋਕਣ ਲਈ ਵੀ ਸਰਕਾਰ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਹਰ ਮਹੀਨੇ ਰਾਜਾਂ ਤੋਂ ਹਿਸਾਬ ਲਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮਹਿਲਾ ਤੇ ਬਾਲ ਵਿਕਾਸ ਦੇ ਕੰਮਾਂ ਵਿਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਧਿਆਨ ਦਿਤਾ ਜਾ ਰਿਹਾ ਹੈ ਅਤੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮਹਿਲਾਵਾਂ ਤੇ ਬੱਚਿਆਂ ਦੇ ਵਿਕਾਸ ਦੇ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਨੂੰ ਤਰਜੀਹ ਦਿਤੀ ਜਾ ਰਹੀ ਹੈ। ਆਂਗਨਵਾੜੀ ਕਰਮੀਆਂ ਵਲੋਂ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਅੰਦੋਲਨ ਕੀਤੇ ਜਾਣ ਵਾਲੇ ਬਾਰੇ ਉਨ੍ਹਾਂ ਕਿਹਾ ਕਿ ਆਂਗਨਵਾੜੀ ਇਕ ਆਨਰੇਰੀ ਸੇਵਾ ਹੈ ਅਤੇ ਇਸ ਨੂੰ ਮੁਲਾਜ਼ਮਾਂ ਬਰਾਬਰ ਨਹੀਂ ਰਖਿਆ ਜਾ ਸਕਦਾ ਪਰ ਕੇਂਦਰ ਸਰਕਾਰ ਮਿਹਨਤਾਨੇ ਵਜੋਂ ਆਂਗਨਵਾੜੀ ਕਰਮੀਆਂ ਦੇ ਭੱਤੇ ਸਾਢੇ ਚਾਰ ਹਜ਼ਾਰ ਰੁਪਏ ਤਕ ਵਧਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਾਕੀ ਭੱਤੇ ਰਾਜਾਂ ਦੀਆਂ ਸਰਕਾਰਾਂ ਦਿੰਦੀਆਂ ਹਨ ਅਤੇ ਇਹ ਉਨ੍ਹਾਂ ’ਤੇ ਨਿਰਭਰ ਹੈ ਕਿ ਕਿੰਨੇ
ਪੈਸੇ ਦਿਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਂਗਨਵਾੜੀ ਕਰਮੀਆਂ ਤੋਂ ਉਨ੍ਹਾਂ ਦੇ ਕੰਮ ਤੋਂ ਇਲਾਵਾ ਕੋਈ ਹੋਰ ਵਾਧੂ ਕੰਮ ਨਹੀਂ ਲਿਆ ਜਾ ਸਕਦਾ ਅਤੇ ਇਸ ਬਾਰੇ ਪੰਜਾਬ ਤੇ ਹੋਰ ਰਾਜਾਂ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਆਂਗਨਵਾੜੀ ਕੇਂਦਰ ਦੀ ਨਿਗਰਾਨੀ ਦਾ ਕੰਮ ਵੀ ਡਿਜੀਟਲ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਮਹਿਲਾ ਸੁਰੱਖਿਆ ਅਤੇ ਬਾਲ ਭਲਾਈ ਦੀਆਂ ਸਕੀਮਾਂ ਨੂੰ ਅਸਰਦਾਇਕ ਤਰੀਕੇ ਨਾਲ ਲਾਗੂ ਕਰਨ ਲਈ ਯਤਨਸ਼ੀਲ ਹੈ ਅਤੇ ਇਸੇ ਮਕਸਦ ਲਈ ਦੇਸ਼ ਦੇ ਵੱਖ ਵੱਖ ਖਿਤਿਆਂ ਵਿਚ ਰਾਜਾਂ ਦੀਆਂ ਜ਼ੋਨਲ ਕਾਨਫ਼ਰੰਸ ਕੀਤੀਆਂ ਜਾ ਰਹੀਆਂ ਹਨ। ਕੇਂਦਰੀ ਸਕੀਮਾਂ ਨੂੰ ਲਾਗੂ ਕਰਨ ਵਿਚ ਐਨ.ਜੀ.ਓ. ਤੇ ਹੋਰ ਹਿੱਸੇਦਾਰਾਂ ਨੂੰ ਵੀ ਸਰਗਰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਵੱਖ ਵੱਖ ਰਾਜਾਂ ਵਿਚ ਮਹਿਲਾ ਤੇ ਬਾਲ ਵਿਕਾਸ ਯੋਜਨਾਵਾਂ ਉਪਰ ਹੋ ਰਹੇ ਕੰਮ ’ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉੜੀਸਾ ਤੇ ਪਛਮੀ ਬੰਗਾਲ ਵਰਗੇ ਰਾਜਾਂ ਵਿਚ ਪਹਿਲਾਂ ਕੁੱਝ ਢਿੱਲਮੱਠ ਸੀ ਪਰ ਹੁਣ ਇਥੇ ਵੀ ਸਹੀ ਦਿਸ਼ਾ ਵਿਚ ਕੰਮ ਹੋਣ ਲੱਗਾ ਹੈ।