
ਪੁਲਿਸ ਨੇ ਮਾਮਲਾ ਦਰਜ ਕਰ ਲੜਕੀ ਸਮੇਤ ਚਾਚੇ ਤੇ ਭਰਾ ਨੂੰ ਕੀਤਾ ਗ੍ਰਿਫ਼ਤਾਰ
ਨਹਿਰ ਕੰਢੇ ਸੁੱਟੀ ਨੌਜਵਾਨ ਦੀ ਲਾਸ਼
ਮੋਗਾ : ਕਸਬਾ ਧਰਮਕੋਟ ਦੇ ਪਿੰਡ ਬੱਡੂਵਾਲ ਦੇ ਰਹਿਣ ਵਾਲੇ ਰਛਪਾਲ ਸਿੰਘ ਉਰਫ਼ ਸਾਜਨ ਦੀ ਲਾਸ਼ ਅੱਜ ਸਵੇਰੇ 9 ਵਜੇ ਦੇ ਕਰੀਬ ਲੋਹਗੜ੍ਹ ਨਹਿਰ ਨੇੜਿਉਂ ਮਿਲੀ। ਮ੍ਰਿਤਕ ਰਛਪਾਲ ਸਿੰਘ ਦੀ ਉਮਰ 20 ਸਾਲ ਹੈ ਅਤੇ ਉਹ ਬੱਡੂਵਾਲ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ ਰਛਪਾਲ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਕਰੀਬ 9 ਵਜੇ ਅਚਾਨਕ ਘਰੋਂ ਚਲਾ ਗਿਆ। ਰਾਤ ਨੂੰ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਸਵੇਰ ਤੋਂ ਹੀ ਰਛਪਾਲ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਸਵੇਰੇ ਕਰੀਬ 9.30 ਵਜੇ ਉਸ ਦੀ ਲਾਸ਼ ਉਸ ਦੇ ਹੀ ਪਿੰਡ ਤੋਂ ਥੋੜ੍ਹੀ ਦੂਰ ਲੋਹਗੜ੍ਹ ਨਹਿਰ ਕੋਲ ਮਿਲੀ। ਜਾਣਕਾਰੀ ਅਨੁਸਾਰ ਕਿਸੇ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਿਸ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ।
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਰਛਪਾਲ ਸਿੰਘ ਦੀ ਉਮਰ 20 ਸਾਲ ਸੀ, ਬੀਤੀ ਰਾਤ ਰਛਪਾਲ ਅਚਾਨਕ ਘਰੋਂ ਬਿਨਾਂ ਦੱਸੇ ਘਰੋਂ ਚਲਾ ਗਿਆ ਅਤੇ ਸਵੇਰੇ ਰਸਪਾਲ ਦੀ ਲਾਸ਼ ਉਸ ਦੇ ਪਿੰਡ ਤੋਂ ਥੋੜ੍ਹੀ ਦੂਰ ਲੋਹਗੜ੍ਹ ਨਹਿਰ ਕੋਲ ਪਈ ਮਿਲੀ। ਕਤਲ ਦਾ ਕਾਰਨ ਇਹ ਹੈ ਕਿ ਰਛਪਾਲ ਦੇ ਆਪਣੇ ਪਿੰਡ ਦੀ ਹੀ ਇੱਕ ਲੜਕੀ ਨਾਲ ਪਿਛਲੇ 6/7 ਮਹੀਨਿਆਂ ਤੋਂ ਪ੍ਰੇਮ ਸਬੰਧ ਸਨ ਅਤੇ ਕੁਝ ਦਿਨ ਪਹਿਲਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਰਛਪਾਲ ਨਾਲ ਲੜਾਈ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਰਾਜ਼ੀਨਾਮਾ ਕਰਵਾ ਦਿਤਾ ਸੀ। ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਬੀਤੀ ਰਾਤ ਲੜਕੀ ਨੇ ਰਛਪਾਲ ਸਿੰਘ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਪਤਾ ਨਹੀਂ ਕਿ ਉਸ ਨੇ ਕਿਉਂ ਬੁਲਾਇਆ ਅਤੇ ਅੱਜ ਉਸ ਦੀ ਲਾਸ਼ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਲੜਕੀ ਦੇ ਘਰ 'ਚ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਲਾਸ਼ ਨੂੰ ਨਹਿਰ ਕੋਲ ਸੁੱਟ ਦਿੱਤਾ।
ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਪ੍ਰੇਮਿਕਾ ਕੋਮਲਪ੍ਰੀਤ ਕੌਰ, ਚਾਚਾ ਗੁਰਤੇਜ ਸਿੰਘ, ਛਿੰਦਾ ਸਿੰਘ ਅਤੇ ਰਿਸ਼ਤੇਦਾਰ ਭਰਾ ਸੁਖਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਧਾਰਾ 302, 120ਬੀ, 201, 34 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ।