
ਰਾਣਾ ਗੁਰਜੀਤ ਨੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਬੇਬਾਕ ਗੱਲਬਾਤ
ਸਪੋਕਸਮੈਨ ਨੇ ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਨਾਲ ਇਕ ਇੰਟਰਵਿਊ ਕੀਤੀ। ਜਿਸ ਦੌਰਾਨ ਨਿਮਰਤ ਕੌਰ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਰਾਣਾ ਗੁਰਜੀਤ ਨੇ ਕਿਹਾ ਕਿ ਢੀਠ ਪੰਜਾਬੀ ਦਾ ਬਹੁਤ ਚੰਗਾ ਸ਼ਬਦ ਹੈ, ਜਿਹੜਾ ਜ਼ਿੱਦ ਕਰਦਾ ਹੈ ਉਹ ਹੀ ਅੱਗੇ ਵਧਦਾ ਹੈ। ਜਦੋਂ ਤਕ ਤੁਹਾਡੇ ਮਨ ਵਿਚ ਕੋਈ ਟੀਚਾ ਨਹੀਂ ਤੇ ਤੁਸੀਂ ਅੱਗੇ ਵਧਣ ਦੀ ਸ਼ਕਤੀ ਨਹੀਂ ਰੱਖਦੇ ਤਾਂ ਤੁਸੀਂ ਅੱਗੇ ਵੱਧ ਹੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਖੇਤੀ ਕਰਦੇ ਸਨ ਤੇ ਮੈਂ ਵੀ ਖੇਤੀ ਕਰਦਾ ਰਿਹਾ ਹਾਂ। ਪਰ ਮੇਰੇ ਦਿਲ ਵਿਚ ਇਕ ਗੱਲ ਸੀ ਕਿ ਮੈਂ ਇਕ ਕਾਰਖ਼ਾਨਾ ਲਗਾਉਣਾ ਹੈ।
ਮੈਂ 1978 ਵਿਚ ਆਪਣਾ ਕਾਰਖ਼ਾਨਾ ਲਗਾਉਣਾ ਸ਼ੁਰੂ ਕੀਤਾ, ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਮੈਂ ਕੀ ਕਰਨਾ ਹੈ ਤੇ ਕਾਰਖ਼ਾਨਾ ਚਲਾਉਣਾ ਕਿਸ ਤਰ੍ਹਾਂ ਹੈ। ਪਰ 11 ਸਾਲਾਂ ਬਾਅਦ ਮੈਂ ਪੇਪਰ ਮਿਲ ਲਗਾਈ, ਫਿਰ ਵੀਪੀ ਸਿੰਘ ਨੇ ਲਾਇਸੈਂਸ ਦਿਤਾ ਤੇ ਸ਼ੂਗਰ ਮਿਲ ਲਗਾਈ ਤੇ ਮਾਲਕ ਕਿਰਪਾ ਕਰਦਾ ਰਿਹਾ ਤੇ ਅੱਗੇ ਵਧਦੇ ਰਹੇ। ਇਸ ਤੋਂ ਬਾਅਦ ਮੈਂ ਰਾਜਨੀਤੀ ਵਿਚ ਆ ਗਿਆ ਤੇ ਮਾਲਕ ਦੀ ਕਿਰਪਾ ਨਾਲ ਇਥੇ ਵੀ ਚੜ੍ਹਦੀ ਕਲਾ ਵਿਚ ਰਹੇ। ਮੈਨੂੰ ਪੰਜਾਬ ਨੇ ਬਹੁਤ ਕੁੱਝ ਦਿਤਾ ਤੇ ਮੇਰਾ ਟੀਚਾ ‘ਨਵੀਂ ਸੋਚ ਨਵਾਂ ਪੰਜਾਬ’ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਲੋੜ ਹੈ।
3 ਸਾਲ ਪਹਿਲਾਂ ਪਾਣੀ 300 ਫ਼ੁੱਟ ’ਤੇ ਸੀ ਤੇ ਹੁਣ 350 ਫ਼ੁੱਟ ’ਤੇ ਪਹੁੰਚ ਗਿਆ ਹੈ। ਜਿਸ ਕਾਰਨ ਕਿਸਾਨਾਂ ਨੂੰ ਮੋਟਰਾਂ ਵੱਡੀਆਂ ਲਗਾਉਣੀਆਂ ਪਈਆਂ ਤੇ ਬਿਜਲੀ ਦੀ ਖਪਤ ਵਧ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨਾ ਛੱਡ ਕੇ ਮੱਕੀ ਦੀ ਫ਼ਸਲ ਵਲ ਜਾਣਾ ਚਾਹੀਦਾ ਹੈ। ਮੇਰੇ ਇਲਾਕੇ ਦੇ ਕਾਫੀ ਕਿਸਾਨਾਂ ਨੇ ਮੇਰੇ ਕਹਿਣ ’ਤੇ ਮੱਕੀ ਦੀ ਫ਼ਸਲ ਉਗਾਈ ਤੇ ਕਾਫ਼ੀ ਮੁਨਾਫਾ ਵੀ ਮਿਲਿਆ। ਬਦਕਿਸਮਤੀ ਇਹ ਰਹੀ ਕਿ 2017 ਵਿਚ ਮੇਰੀ ਸਰਕਾਰ ਰਹੀ ਪਰ ਉਸ ਵੇਲੇ ਮੇਰੀ ਇਕ ਨਾ ਚੱਲੀ। ਪਰ ਮੈਂ ਪਾਣੀ ਬਚਾਉਣ ਲਈ ਕੰਮ ਕਰਦਾ ਰਿਹਾ ਤੇ ਹੁਣ ਤਾਂ ਮੈਂ ਵਿਰੋਧੀ ਪਾਰਟੀ ’ਚ ਹਾਂ।
ਵਿਰੋਧੀ ਪਾਰਟੀ ’ਚ ਰਹਿ ਕੇ ਬੰਦਾ ਗੱਲ ਕਰੇ ਤੇ ਕਰ ਕੇ ਵਿਖਾਵੇ ਤੇ ਹੱਥ ਖੜ੍ਹਾ ਕਰ ਕੇ ਕਹੇ ਕਿ ਮੈਂ ਮੱਕੀ ’ਤੇ ਐਮਐਸਪੀ ਦੇਵਾਂਗਾ ਮੈਂ ਸਮਝਦਾ ਹਾਂ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ। ਸਰਕਾਰ ਵਿਚ ਰਹਿ ਕੇ ਤਾਂ ਕੋਈ ਕਰ ਸਕਦਾ ਤੇ ਸਰਕਾਰ ਨੇ ਕਿਉਂ ਨਹੀਂ ਇਹ ਐਲਾਨ ਕੀਤਾ। ਮੱਕੀ ’ਤੇ ਐਮਐਸਪੀ ਦੇਣ ਲਈ ਮੈਂ ਕਿਸੇ ਪਾਰਟੀ ਤੇ ਨਾ ਕਿਸੇ ਸਰਕਾਰ ਦਾ ਨਾਮ ਨਹੀਂ ਲਿਆ ਮੈਂ ਕਿਹਾ ਹੈ ਕਿ ਐਮਐਸਪੀ ਮੈਂ ਆਪ ਦੇਵਾਂਗਾ। ਦੋ ਸਾਲ ਕਿਸਾਨਾਂ ਦੀ ਮੁੱਲ ਐਮਐਸਪੀ 1240 ਰੁਪਏ ’ਤੇ ਅਸੀਂ ਚੁੱਕਾਂਗੇ, ਜੇ ਨਾ ਚੁੱਕ ਪਾਏ ਤਾਂ ਅਸੀਂ ਰਾਜਨੀਤੀ ਛੱਡ ਦੇਵਾਂਗੇ।
ਜੇ ਅਸੀਂ ਮੱਕੀ ਬਾਹਰਲੇ ਸੂਬਿਆਂ ਤੋਂ ਰੇਲਾਂ ਰਾਹੀਂ ਲੈ ਕੇ ਆ ਸਕਦੇ ਹਾਂ ਤਾਂ ਅਸੀਂ ਪੰਜਾਬ ਦੀ ਮੱਕੀ ਨਹੀਂ ਖ਼ਰੀਦਾਂਗੇ। ਮੈਨੂੰ ਆਪਣੇ ’ਤੇ ਪੂਰਾ ਵਿਸ਼ਵਾਸ ਹੈ ਤੇ ਲੋਕਾਂ ਨੂੰ ਮੇਰੇ ’ਤੇ ਵਿਸ਼ਵਾਸ ਹੈ। ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਵਲ ਭੱਜ ਰਹੇ ਹਨ ਤੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਕਿਉਂ ਕਿ ਉਨ੍ਹਾਂ ਨੂੰ ਇਥੇ ਕੰਮ ਨਹੀਂ ਮਿਲ ਰਿਹਾ। ਕਿਸਾਨ ਮਿਹਨਤ ਕਰ ਕੇ ਫ਼ਸਲ ਉਗਾਉਂਦਾ ਹੈ ਪਰ ਉਸ ਨੂੰ ਪੂਰਾ ਮੁੱਲ ਨਹੀਂ ਮਿਲਦਾ। ਜੇ ਕਿਸੇ ਨੂੰ ਮੇਰੀ ਐਮਐਸਪੀ ਪਸੰਦ ਨਹੀਂ ਹੈ ਤਾਂ ਉਹ ਕੋਈ ਹੋਰ ਐਮਐਸਪੀ ਲਿਆਉਣ, ਕੁੱਝ ਕਰਨ ਤਾਂ ਸਹੀ।
ਛੋਟੇ ਕਿਸਾਨਾਂ ਅੱਗੇ ਵਧਾਉਣ ਲਈ ਕੁੱਝ ਤਾਂ ਕਰਨਾ ਪੈਣਾ ਹੀ ਹੈ ਚਾਹੇ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਕੇ ਜਾਂ ਫਿਰ ਉਨ੍ਹਾਂ ਦੀ ਫ਼ਸਲਾਂ ਦਾ ਸਹੀ ਮੁੱਲ ਦੇ ਕੇ ਤਾਂ ਹੀ ਅਸੀਂ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਤੋਂ ਰੋਕ ਸਕਾਂਗੇ। ਸਿਆਸਤ ’ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਜਨੀਤੀ ਨਾ ਮੈਂ ਅੱਜ ਛੱਡਾਂ ਤੇ ਨਾ ਮੈਂ ਕੱਲ ਛੱਡਾਂ। ਕਾਂਗਰਸ ਦੀ ਹਾਈ ਕਮਾਂਡ ਲੀਡਰਾਂ ਨੂੰ ਇਕੱਠੇ ਕਰ ਰਹੀ ਹੈ ਤੇ 2027 ਵਿਚ ਕਾਂਗਰਸ ਦੀ ਸਰਕਾਰ ਆਵੇਗੀ ਤੇ ਲੋਕ ਵੀ ਇਹ ਹੀ ਚਾਹੁੰਦੇ ਹਨ। ਰਾਣਾ ਗੁਰਜੀਤ ਸਿੰਘ ਕਾਂਗਰਸ ’ਚ ਹੀ ਜੀਵੇਗਾ, ਕਾਂਗਰਸ ’ਚ ਹੀ ਮਰੇਗਾ ਤੇ ਕਾਂਗਰਸ ਵਿਚ ਹੀ ਹੈਗਾ।
ਹਰ ਬੰਦਾ ਮੁੱਖ ਮੰਤਰੀ ਦਾ ਸੁਪਨਾ ਲੈਣਾ ਬੰਦ ਕਰ ਦੇਵੇ। ਸਰਕਾਰ ਬਣਾਉਣ ਵਾਲੀ ਗੱਲ ਦਿਮਾਗ ਵਿਚ ਰੱਖੋ। ਪਾਰਟੀ ਲਈ ਕੰਮ ਕਰੋ ਤੇ ਮੁੱਖ ਮੰਤਰੀ ਹਾਈ ਕਮਾਂਡ ਨੇ ਬਣਾਉਣਾ ਹੈ। ਜਿਵੇਂ ਹਾਈਕਮਾਂਡ ਹੁਕਮ ਕਰੇਗੀ ਅਸੀਂ ਉਵੇਂ ਹੀ ਕਰਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਪ੍ਰਧਾਨ ਬਦਲਣ ਦਾ ਸਵਾਲ ਤੁਸੀਂ ਗ਼ਲਤ ਬੰਦੇ ਨੂੰ ਕਰ ਰਹੇ ਹੋ। ਆਖ਼ਰ ਵਿਚ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਤੇ ਨੌਜਵਾਨਾਂ ਅੱਗੇ ਵਧਾਉਣ ਲਈ ਸਾਨੂੰ ਉਨ੍ਹਾਂ ਲਈ ਵਧੀਆ ਸਕੂਲ, ਕੋਰਸ ਸੈਂਟਰ, ਸੰਸਥਾਵਾਂ ਖੋਲ੍ਹਣੀਆਂ ਪੈਣਗੀਆਂ, ਉਨ੍ਹਾਂ ਨੂੰ ਵਧੀਆ ਕੋਰਸ ਕਰਵਾਉਣੇ ਪੈਣਗੇ, ਚੰਗੀ ਸਿਖਿਆ ਦੇਣੀ ਪਵੇਗੀ ਤਾਂ ਹੀ ਸਾਡੇ ਨੌਜਵਾਨ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣਗੇ।