
ਕੈਪਟਨ ਅਮਰਿੰਦਰ ਸਿੰਘ ਵਲੋਂ ਵਧੀਕ ਮੁੱਖ ਸਕੱਤਰ ਨੂੰ ਆਦੇਸ਼
ਚੰਡੀਗੜ੍ਹ, 1 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਉਣੀ ਰੁੱਤ ਤੋਂ ਮੱਕੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਕਰਨ ਬਾਰੇ ਅਪਣੀ ਸਰਕਾਰ ਦੇ ਫ਼ੈਸਲੇ ਤਹਿਤ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਵਲੋਂ ਪ੍ਰਵਾਨਤ ਮੱਕੀ ਦੇ ਬੀਜ ਦੀਆਂ ਪ੍ਰਮਾਣਿਕ ਕਿਸਮਾਂ ਦੀ ਸਪਲਾਈ ਕਿਸਾਨਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।
ਸੂਬਾ ਸਰਕਾਰ ਨੇ ਇਸ ਰੁੱਤ ਦੌਰਾਨ ਮੱਕੀ ਦੀ ਕਾਸ਼ਤ ਹੇਠ ਰਕਬਾ 3.95 ਲੱਖ ਏਕੜ ਤੋਂ ਵਧਾ ਕੇ 7.41 ਲੱਖ ਏਕੜ ਤਕ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਰਾਹੀਂ ਪਾਣੀ ਦੀ ਘੱਟ ਖਪਤ ਵਾਲੀਆਂ ਫ਼ਸਲਾਂ ਦੀ ਕਾਸ਼ਤ ਵਲ ਮੁੜਨ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਦੇ ਨਾਲ-ਨਾਲ ਕੋਵਿਡ-19 ਦਰਮਿਆਨ ਮਜ਼ਦੂਰਾਂ ਦੀ ਘਾਟ ਨਾਲ ਨਿਪਟਣ ਦੇ ਦੂਹਰੇ ਉਦੇਸ਼ ਨੂੰ ਪੂਰਾ ਕੀਤਾ ਜਾ ਸਕੇਗਾ।
File photo
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਫ਼ਸਲੀ ਵੰਨ-ਸੁਵੰਨਤਾ ਪ੍ਰੋਗਰਾਮ ਤਹਿਤ ਸਾਉਣੀ-2020-21 ਦੌਰਾਨ ਸੂਬੇ ਵਿਚ ਨਰਮੇ ਦੀ ਕਾਸ਼ਤ ਹੇਠ ਰਕਬਾ ਵੀ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਏਕੜ ਕਰਨ ਦਾ ਟੀਚਾ ਮਿਥਿਆ ਹੋਇਆ ਹੈ। ਸ੍ਰੀ ਖੰਨਾ ਨੇ ਮੁੱਖ ਮੰਤਰੀ ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਵੀ ਹੈ, ਨੂੰ ਦਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਸਿਫਾਰਸ਼ਾਂ ਅਨੁਸਾਰ ਦੇਸ਼ ਦੀਆਂ ਨਾਮੀ ਬੀਜ ਉਤਪਾਦਕ ਕੰਪਨੀਆਂ ਤੋਂ ਵੱਧ ਝਾੜ ਵਾਲਾ ਕਰੀਬ 6000 ਟਨ ਮੱਕੀ ਦਾ ਬੀਜ ਮੁਹੱਈਆ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਪੱਧਰ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਦੇ ਨਾਲ ਬਲਾਕ ਪੱਧਰ ਦੇ ਵਿਭਾਗੀ ਅਫ਼ਸਰਾਂ/ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਨੂੰ ਪਾਣੀ ਦੀ ਵਧੇਰੇ ਖਪਤ ਵਾਲੀ ਝੋਨੇ ਦੀ ਰਵਾਇਤੀ ਫ਼ਸਲ ਤੋਂ ਮੁੜ ਕੇ ਸੂਬਾ ਸਰਕਾਰ ਵਲੋਂ ਬਦਲਵੀਆਂ ਫ਼ਸਲਾਂ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਲਈ ਕਹਿਣ। ਸ੍ਰੀ ਖੰਨਾ ਨੇ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ-19 ਦੇ ਸੰਕਟ ਕਾਰਨ ਪਰਵਾਸੀ ਮਜ਼ਦੂਰਾਂ ਦੀ ਕਮੀ ਨਾਲ ਪੈਦਾ ਹੋਈ ਸਥਿਤੀ ਵਿਚ ਮੱਕੀ ਦੀ ਕਾਸ਼ਤ ਸੂਬੇ ਲਈ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾਂ ਹਾਲਤਾਂ ਵਿਚ ਕਿਸਾਨਾਂ ਵਲੋਂ ਮੱਕੀ ਅਤੇ ਕਪਾਹ ਜਿਹੀਆਂ ਬਦਲਵੀਆਂ ਫ਼ਸਲਾਂ ਨੂੰ ਅਪਨਾਉਣ ਦੀ ਸੰਭਾਵਨਾ ਵਧੇਰੇ ਹੈ।