
ਕੋਵਿਡ 19 : ਦੇਸ਼ 'ਚ ਰੀਕਾਰਡ 4 ਲੱਖ ਤੋਂ ਵੱਧ ਨਵੇਂ ਮਾਮਲੇ ਆਏ, 3523 ਹੋਰ ਲੋਕਾਂ ਦੀ ਮੌਤ
ਦਿੱਲੀ ਦੇ ਬਤਰਾ ਹਸਪਤਾਲ ਵਿਚ ਆਕਸੀਜਨ ਨਾ ਮਿਲਣ ਕਾਰਨ 12 ਲੋਕਾਂ ਨੇ ਜਾਨ ਗਵਾਈ
ਨਵੀਂ ਦਿੱਲੀ, 1 ਮਈ : ਭਾਰਤ 'ਚ ਪਿਛਲੇ 24 ਘੰਟੇ 'ਚ ਕੋਰੋਨਾ ਵਾਇਰਸ ਦੇ ਇਕ ਦਿਨ 'ਚ ਹੁਣ ਤਕ ਦੇ ਰੀਕਾਰਡ ਚਾਰ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਹੁਣ 32 ਲੱਖ ਦੇ ਪਾਰ ਹੋ ਗਈ ਹੈ | ਕੇਂਦਰੀ ਸਿਹਤ ਮੰਤਰਾਲੇ ਦੇ ਸਨਿਚਰਵਾਰ ਸਵੇਰੇ ਅੱਠ ਵਜੇ ਦੇ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਲਾਗ ਦੇ 4,01,993 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਕੁਲ ਗਿਣਤੀ ਵੱਧ ਕੇ 1,91,64,969 ਹੋ ਗਈ ਹੈ ਅਤੇ 3523 ਹੋਰ ਲੋਕਾਂ ਦੀ ਮੌਤ ਹੋਣ ਦੇ ਬਾਅਦ ਕੁਲ ਮਿ੍ਤਕਾਂ ਦੀ ਗਿਣਤੀ ਵੱਧ ਕੇ 2,11,853 ਹੋ ਗਈ |
ਦੇਸ਼ 'ਚ ਲਾਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਲਾਜ ਅਧੀਨ ਲੋਕਾਂ ਦੀ ਗਿਣਤੀ ਵੱਧ ਕੇ 32,68,710 ਹੋ ਗਈ ਹੈ, ਜੋ ਲਾਗ ਦੇ ਕੁਲ ਮਾਮਲਿਆਂ ਦਾ 17.06 ਫ਼ੀ ਸਦੀ ਹੈ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹੋਰ ਘੱਟ ਕੇ 81.84 ਫ਼ੀ ਸਦੀ ਰਹਿ ਗਈ ਹੈ | ਅੰਕੜਿਆਂ ਮੁਤਾਬਕ ਦੇਸ਼ ਦੇ ਲਾਗ ਦੇ ਬਾਅਦ ਠੀਕ ਹੋਏ ਲੋਕਾਂ ਦੀ ਗਿਣਤੀ ਵੱਧ ਕੇ 1,56,84,406 ਹੋ ਗਈ ਹੈ ਅਤੇ ਮੌਤ ਦਰ 1.11 ਫ਼ੀ ਸਦੀ ਹੈ | ਆਈਸੀਐਮਆਰ ਮੁਤਾਬਕ 30 ਅਪ੍ਰੈਲ ਤਕ 28,83,37,385 ਸੈਂਪਲਾ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 19,45,299 ਸੈਂਪਲਾਂ ਦੀ ਸ਼ੁਕਰਵਾਰ ਨੂੰ ਜਾਂਚ ਕੀਤੀ ਗਈ |
ਇਸੇ ਦੌਰਾਨ ਦਿੱਲੀ ਦੇ ਬਤਰਾ ਹਸਪਤਾਲ 'ਚ ਇਕ ਡਾਕਟਰ ਸਮੇਤ 12 ਕੋਵਿਡ 19 ਮਰੀਜ਼ਾਂ ਦੀ ਮੌਤ ਹੋ ਗਈ | ਬਤਰਾ ਹਸਪਤਾਲ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਇਥੇ ਦਾਖ਼ਲ 12 ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋ ਗਈ ਹੈ | ਇਸ ਤੋਂ ਪਹਿਲਾਂ ਹਸਪਤਾਲ 'ਚ ਅੱਠ ਮਰੀਜ਼ਾਂ ਦੀ ਮੌਤ ਦੀ ਜਾਣਕਾਰੀ ਦਿਤੀ ਗਈ ਸੀ | ਬਤਰਾ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਐਸ.ਸੀ.ਐਲ ਗੁਪਤਾ ਨੇ ਕਿਹਾ ਕਿ ਆਕਸੀਜਨ ਦੀ ਕਮੀ ਨਾਲ ਮਰਨ ਵਾਲੇ ਅੱਠ ਮਰੀਜ਼ਾਂ ਵਿਚੋਂ 6 ਆਈਸੀਯੂ 'ਚ ਦਾਖ਼ਲ ਸਨ ਜਦ ਕਿ 2 ਵਾਰਡ 'ਚ ਸੀ | ਆਕਸੀਜਨ ਨਾ ਮਿਲਣ ਕਾਰਨ ਹਸਪਤਾਲ ਦੇ ਗੈਸਟੋ੍ਰਏਾਟ੍ਰੋਲਾਜੀ ਵਿਭਾਗ ਦੇ ਪ੍ਰਮੁੱਖ ਡਾ. ਆਰ. ਕੇ ਹਿਮਤਾਨੀ ਵੀ ਸ਼ਾਮਲ ਹਨ | ਇਸ ਦੇ ਬਾਅਦ ਆਕਸੀਜਨ ਦੀ ਕਮੀ ਕਾਰਨ ਚਾਰ ਹੋਰ ਮਰੀਜ਼ਾਂ ਦੀ ਮੌਤ ਦੀ ਜਾਣਕਾਰੀ ਦਿਤੀ ਗਈ, ਜਿਸ
ਨਾਲ ਮਿ੍ਤਕਾਂ ਦੀ ਗਿਣਤੀ ਵੱਧ ਕੇ 12 ਹੋ ਗਈ | ਹਸਪਤਾਲ 'ਚ ਭਰਤੀ ਲਗਪਗ 300 ਮਰੀਜ਼ਾਂ ਦੀ ਜਾਨ ਸੰਕਟ 'ਚ ਹੈ | ਜ਼ਿਕਰਯੋਗ ਹੈ ਕਿ ਕੋਰੋਨਾ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੇ ਦਿੱਲੀ ਦੇ ਬਤਰਾ ਹਸਪਤਾਲ 'ਚ ਸਨਿਚਰਵਾਰ ਨੂੰ ਇਕ ਵਾਰ ਫਿਰ ਆਕਸੀਜਨ ਦੀ ਕਿੱਲਤ ਹੋ ਗਈ | ਹਸਪਤਾਲ ਪ੍ਰਬੰਧਨ ਮੁਤਾਬਕ ਇਥੇ ਕੁੱਲ 307 ਮਰੀਜ਼ ਦਾਖ਼ਲ ਸਨ ਇਸ ਦੌਰਾਨ ਆਕਸੀਜਨ ਨਾ ਮਿਲਣ ਕਾਰਨ 12 ਮਰੀਜ਼ਾਂ ਦੀ ਮੌਤ ਹੋ ਗਈ |
ਬਤਰਾ ਹਸਪਤਾਲ ਨੇ ਇਸ ਬਾਬਤ ਦਿੱਲੀ ਹਾਈ ਕੋਰਟ ਨੂੰ ਜਾਣਕਾਰੀ ਦਿਤੀ ਹੈ | ਜਿਸ ਮੁਤਾਬਕ ਉਨ੍ਹਾਂ ਕੋਲ ਇਥੇ ਆਕਸੀਜਨ ਦੀ ਭਾਰੀ ਕਿੱਲਤ ਹੈ | ਬਤਰਾ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ 307 ਮਰੀਜ਼ ਦਾਖ਼ਲ ਹਨ ਜਿਨ੍ਹਾਂ 'ਚ 230 ਆਕਸੀਜਨ ਸਪੋਰਟ 'ਤੇ ਹਨ |
ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਐਸਸੀਐਲ ਗੁਪਤਾ ਨੇ ਦਸਿਆ ਕਿ ਸਨਿਚਰਵਾਰ ਸਵੇਰੇ ਸੱਤ ਵਜੇ ਹੀ ਉਹ ਦਿੱਲੀ ਸਰਕਾਰ ਨੂੰ ਗੁਹਾਰ ਲਾ ਰਹੇ ਸੀ ਕਿ ਕੁੱਝ ਹੀ ਘੰਟਿਆਂ ਦੀ ਆਕਸੀਜਨ ਬਚੀ ਹੈ | ਇਸ ਦੇ ਬਾਵਜੂਦ ਆਕਸੀਜਨ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਹਰ 10 ਮਿੰਟ 'ਤੇ ਉਹ ਸਬੰਧਿਤ ਅਧਿਕਾਰੀਆਂ ਨੂੰ ਅਪਡੇਟ ਦੇ ਰਹੇ ਸੀ ਪਰ ਅਧਿਕਾਰੀਆਂ ਨੇ ਸਮੇਂ 'ਤੇ ਆਕਸੀਜਨ ਨਹੀਂ ਭੇਜਿਆ | ਇਸ ਕਾਰਨ 12.45 ਤੋਂ ਡੇਢ ਵਜੇ ਤਕ ਮਰੀਜ਼ ਬਿਨਾਂ ਆਕਸੀਜਨ ਦੇ ਰਹੇ | ਇਸ ਦੌਰਾਨ 12 ਮਰੀਜ਼ਾਂ ਦੀ ਮੌਤ ਹੋ ਗਈ | (ਏਜੰਸੀ)
(ਏਜੰਸੀ)