
ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ 'ਚ ਕੋਰੋਨਾ ਨਾਲ ਪਹਿਲੀ ਮੌਤ
ਚੰਡੀਗੜ੍ਹ, 1 ਮਈ (ਗੁਰਉਪਦੇਸ਼ ਭੁੱਲਰ): ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਕੋਰੋਨਾ ਨਾਲ ਪਹਿਲੀ ਮੌਤ ਹੋਈ ਹੈ | ਵਿਭਾਗ ਦੇ ਚੰਡੀਗੜ੍ਹ ਸਥਿਤ ਸਕੱਤਰੇਤ ਵਿਖੇ ਮੱੁਖ ਦਫ਼ਤਰ ਵਿਚ ਤੈਨਾਤ ਸੀਨੀਅਰ ਸਹਾਇਕ ਲਲਿਤ ਕੁਮਾਰ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਹ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਸਨ | ਜ਼ਿਕਰਯੋਗ ਹੈ ਕਿ ਸੀਨੀਅਰ ਸਹਾਇਕ ਦੇ ਪਦ 'ਤੇ ਕੰਮ ਕਰਦੇ ਲਲਿਤ ਦੀ ਵਿਭਾਗ ਵਿਚ ਮੀਡੀਆ ਨਾਲ ਸਬੰਧਤ ਪ੍ਰਤੀਨਿਾਂ ਦੇ ਐਕਰੀਡੀਏਸ਼ਨ ਕਾਰਡ ਬਣਾਉਣ ਦੀ ਮੁੱਖ ਜ਼ਿੰਮੇਵਾਰੀ ਸੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਭਾਗ ਦੇ ਕਈ ਅਧਿਕਾਰੀਆਂ ਸਮੇਤ ਸਕੱਤਰੇਤ ਵਿਚ ਤੈਨਾਤ ਸਟਾਫ਼ ਦੇ ਕਈ ਮੈਂਬਰ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਪਰ ਉਹ ਸਾਰੇ ਕੋਰੋਨਾ ਨੂੰ ਹਰਾ ਕੇ ਠੀਕ ਹੋ ਚੁੱਕੇ ਹਨ ਪਰ ਲਲਿਤ ਦੀ ਮੌਤ ਨਾਲ ਪੂਰੇ
ਵਿਭਾਗ ਵਿਚ ਸੋਗ ਦੀ ਮਾਹੌਲ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਸਮੇਤ ਹੋਰ ਅਧਿਕਾਰੀਆਂ ਨੇ ਲਲਿਤ ਕੁਮਾਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, Tਮੈਨੂੰ ਲਲਿਤ ਜਿੰਦਲ ਦੀ ਬੇਵਕਤੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਪਹੁੰਚਿਆ ਹੈ ਜੋ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਬਹੁਤ ਹੀ ਨੇਕ ਦਿਲ ਤੇ ਮਿਹਨਤੀ ਮੁਲਾਜ਼ਮ ਸਨ |'' ਦੁਖੀ ਪਰਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਦੁੱਖ ਦੀ ਇਸ ਘੜੀ ਵਿਚ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ | ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਲਲਿਤ ਜਿੰਦਲ ਦੀ ਮੌਤ ਉਤੇ ਅਫ਼ਸੋਸ ਜਾਹਰ ਕੀਤਾ ਹੈ | ਲਲਿਤ ਜਿੰਦਲ ਦੇ ਦੇਹਾਂਤ 'ਤੇ ਵਿਭਾਗ ਦੇ ਸਕੱਤਰ ਗੁਰਕਿਰਤ ਕਿ੍ਪਾਲ ਸਿੰਘ, ਵਧੀਕ ਸਕੱਤਰ ਸੇਨੂੰ ਦੁੱਗਲ ਅਤੇ ਵਧੀਕ ਡਾਇਰਕਟਰ ਉਪਿੰਦਰ ਸਿੰਘ ਲਾਂਬਾ ਸਮੇਤ ਹੋਰ ਅਧਿਕਾਰੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਗੁਰਕਿਰਤ ਕਿ੍ਪਾਲ ਸਿੰਘ ਨੇ ਲਲਿਤ ਕੁਮਾਰ ਦੇ ਦੁਖੀ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਕ ਪ੍ਰਤੀਬੱਧ ਕਰਮਚਾਰੀ ਸੀ ਜਿਸ ਨੇ ਹਰ ਵਿਭਾਗੀ ਕੰਮ ਨੂੰ ਹਰ ਸਮੇਂ ਖਿੜੇ ਮੱਥੇ ਕੀਤਾ ਸੀ | ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਨਿਜੀ ਤੌਰ 'ਤੇ ਅਤੇ ਪੂਰਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਲਲਿਤ ਕੁਮਾਰ ਜਿੰਦਲ ਦੇ ਪਰਵਾਰ ਨਾਲ ਖੜ੍ਹਾ ਹੈ | ਉਨ੍ਹਾਂ ਨੇ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਅਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ | ਇਸੇ ਦੌਰਾਨ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਜੀਤ ਕੰਵਲ ਸਿੰਘ, ਸ. ਹਰਜੀਤ ਸਿੰਘ ਗਰੇਵਾਲ, ਰਣਦੀਪ ਸਿੰਘ ਆਹਲੂਵਾਲੀਆ ਤੇ ਡਿਪਟੀ ਡਾਇਰੈਕਟਰ ਪੀ.ਐਸ. ਕਾਲੜਾ, ਇਸ਼ਵਿੰਦਰ ਸਿੰਘ ਗਰੇਵਾਲ, ਸ਼ਿਖਾ ਨੇਹਰਾ ਤੇ ਮਨਵਿੰਦਰ ਸਿੰਘ ਨੇ ਵੀ ਪਰਿਵਾਰ ਨਾਲ ਅਫ਼ਸੋਸ ਪ੍ਰਗਟਾਇਆ ਹੈ | ਲਲਿਤ ਜਿੰਦਲ ਦੇ ਅੰਤਮ ਸਸਕਾਰ ਸਮੇਂ ਪਰਵਾਰਕ ਮੈਂਬਰਾਂ ਤੋਂ ਇਲਾਵਾ ਉਸਦਾ ਇਲਾਜ ਕਰ ਰਹੇ ਸਰਕਾਰੀ ਮੈਡੀਕਲ ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਆਰ.ਪੀ.ਐਸ. ਸਿਬੀਆ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ ਰਵੀ ਇੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੰਗਰੂਰ ਰਾਜ ਕੁਮਾਰ, ਏ.ਪੀ.ਆਰ.ਓ. ਪਟਿਆਲਾ ਜਸਤਰਨ ਸਿੰਘ, ਹਰਦੀਪ ਸਿੰਘ ਤੇ ਸੀਨੀਅਰ ਸਹਾਇਕ ਦੀਪਕ ਕਪੂਰ ਵੀ ਮੌਜੂਦ ਸਨ |