
ਕੋਰੋਨਾ ਦੇ ਭਿਆਨਕ ਰੂਪ ਦਰਮਿਆਨ ਭਾਰਤ 'ਚ ਲੱਗੇ ਕੁੱਝ ਹਫ਼ਤਿਆਂ ਲਈ 'ਤਾਲਾਬੰਦੀ' : ਮਹਾਂਮਾਰੀ ਮਾਹਰ
ਨਵੀਂ ਦਿੱਲੀ, 1 ਮਈ : ਅਮਰੀਕਾ ਦੇ ਚੋਟੀ ਦੇ ਮਹਾਂਮਾਰੀ ਮਾਹਰ ਐਂਥਨੀ ਫਾਊਚੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਜਾ ਸਕਣ ਵਾਲੇ ਤੁਰਤ ਕਦਮ ਦੇ ਤੌਰ 'ਤੇ ਭਾਰਤ ਵਿਚ ਕੁੱਝ ਹਫ਼ਤਿਆਂ ਦੀ ਤਾਲਾਬੰਦੀ ਲਾਗੂ ਕਰਨ ਦੀ ਸਲਾਹ ਦਿਤੀ ਹੈ | ਫ਼ਾਊਚੀ ਨੇ ਅਪਣੇ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਦੇ ਇਲਾਵਾ ਆਕਸੀਜਨ, ਦਵਾਈਆਂ ਅਤੇ ਪੀ.ਪੀ.ਈ. ਕਿੱਟ ਦੀ ਉਲੱਬਧਤਾ ਵਧਾਉਣਾ ਦੂਜੀ ਮਹੱਤਵਪੂਰਨ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਸੰਕਟ ਦੇ ਮੱਦੇਨਜ਼ਰ, ਭਾਰਤ ਨੂੰ ਇਕ ਸੰਕਟ ਸਮੂਹ ਬਣਾਉਣਾ ਚਾਹੀਦਾ ਹੈ, ਜੋ ਬੈਠਕਾਂ ਕਰੇ ਅਤੇ ਚੀਜ਼ਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰੇ | ਫਾਊਚੀ ਨੇ ਕਿਸੇ ਸਰਕਾਰ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ 'ਜਿੱਤ ਦਾ ਐਲਾਨ ਸ਼ਾਇਦ ਜਲਦੀ ਕਰ ਦਿਤਾ ਗਿਆ |'
ਬਾਈਡਨ ਪ੍ਰਸ਼ਾਸਨ ਦੇ ਚੋਟੀ ਦੇ ਡਾਕਟਰੀ ਸਲਾਹਕਾਰ ਫਾਊਚੀ ਨੇ ਕਿਹਾ, 'ਤੁਹਾਨੂੰ ਇਕ ਚੀਜ਼ ਕਰਨ ਦੀ ਬਹੁਤ ਜ਼ਰੂਰਤ ਹੈ, ਉਹ ਹੈ ਕਿ ਤੁਸੀਂ ਦੇਸ਼ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿਉ | ਮੈਨੂੰ ਲਗਦਾ ਹੈ ਕਿ ਇਹ ਅਹਿਮ ਹੈ |' ਉਨ੍ਹਾਂ ਕਿਹਾ, 'ਮੈਨੂੰ ਲਗਦਾ ਹੈ ਕਿ ਇਕ ਚੀਜ਼ ਜੋ ਬਹੁਤ ਮਹੱਤਵਪੂਰਨ ਹੈ, ਉਹ ਹੈ ਆਕਸੀਜਨ ਅਤੇ ਪੀ.ਪੀ.ਈ. ਕਿੱਟ ਸਮੇਤ ਮੈਡੀਕਲ ਸਮੱਗਰੀ ਹਾਸਲ ਕਰਨਾ |
ਫਾਊਚੀ ਨੇ ਕਿਹਾ ਕਿ ਜਦੋਂ ਚੀਨ ਵਿਚ ਇਕ ਸਾਲ ਪਹਿਲਾਂ ਇਸ ਤਰ੍ਹਾਂ ਤੇਜ਼ੀ ਨਾਲ ਵਾਇਰਸ ਫੈਲਿਆ ਸੀ, ਤਾਂ ਉਸ ਨੇ ਮੁਕੰਮਲ ਤਾਲਾਬੰਦੀ ਲਗਾ ਦਿਤੀ ਸੀ | ਉਨ੍ਹਾਂ ਕਿਹਾ ਕਿ 6 ਮਹੀਨੇ ਦੀ ਪਾਬੰਦੀ ਲਗਾਉਣੀ ਜ਼ਰੂਰੀ ਨਹੀਂ ਪਰ ਲਾਗ ਦੀ ਲੜੀ ਰੋਕਣ ਲਈ ਅਸਥਾਈ ਤਾਲਾਬੰਦੀ ਲਗਾਈ ਜਾ ਸਕਦੀ ਹੈ | ਫਾਊਚੀ ਨੇ ਕਿਹਾ ਕਿ ਕੁੱਝ ਹਫ਼ਤੇ ਦੀ ਤਾਲਾਬੰਦੀ ਲਗਾਉਣ ਨਾਲ ਕੋਰੋਨਾ ਨੂੰ ਰੋਕਣ ਵਿਚ ਕਾਫ਼ੀ ਮਦਦ ਮਿਲ ਸਕਦੀ ਹੈ | ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਟੀਕਾਕਰਨ ਦੀ ਅਹਿਮ ਭੂਮਿਕਾ ਹੈ | ਫਾਊਚੀ ਨੇ ਕਿਹਾ ਕਿ ਜੇਕਰ 1.4 ਅਰਬ ਦੀ ਆਬਾਦੀ ਵਾਲੇ ਭਾਰਤ ਨੇ ਅਪਣੀ ਜਨਸੰਖਿਆ ਦੇ ਸਿਰਫ਼ 2 ਫ਼ੀਸਦੀ ਲੋਕਾਂ ਦਾ ਪੂਰਨ ਟੀਕਾਕਰਨ ਕੀਤਾ ਹੈ ਤਾਂ ਅਜੇ ਲੰਮੀ ਦੂਰੀ ਤੈਅ ਕਰਨੀ ਹੈ | ਉਨ੍ਹਾਂ ਕਿਹਾ, 'ਤੁਹਾਨੂੰ ਸਪਲਾਈ ਹਾਸਲ ਕਰਨੀ ਹੋਵੇਗੀ | ਤੁਹਾਨੂੰ ਵਿਸ਼ਵ ਦੀਆਂ ਵੱਖ-ਵੱਖ ਕੰਪਨੀਆਂ ਨਾਲ ਕਰਾਰ ਕਰਨੇ ਹੋਣਗੇ | ਹੁਣ ਕਈ ਕੰਪਨੀਆਂ ਕੋਲ ਟੀਕੇ ਹਨ |' ਉਨ੍ਹਾਂ ਕਿਹਾ, 'ਭਾਰਤ ਦੁਨੀਆ ਵਿਚ ਸੱਭ ਤੋਂ ਜ਼ਿਆਦਾ ਟੀਕੇ ਬਣਾਉਣ ਵਾਲਾ ਦੇਸ਼ ਹੈ | ਤੁਹਾਨੂੰ ਟੀਕਾ ਨਿਰਮਾਣ ਲਈ ਅਪਣੀ ਸਮਰਥਾ ਵਧਾਉਣੀ ਹੋਵੇਗੀ |' (ਏਜੰਸੀ)