
'ਦਿੱਲੀ ਨੂੰ ਅੱਜ ਹੀ 490 ਮੀਟਿ੍ਕ ਟਨ ਆਕਸੀਜਨ ਮੁਹਈਆ ਕਰਵਾਏ ਜਾਂ ਫਿਰ ਕਾਰਵਾਈ ਦਾ ਸਾਹਮਣਾ ਕਰੇ'
ਨਵੀਂ ਦਿੱਲੀ, 1 ਮਈ : ਦਿੱਲੀ ਹਾਈ ਕੋਰਟ ਨੇ ਕੇਂਦਰ ਸਨਿਚਰਵਾਰ ਨੂੰ ਨਿਰਦੇਸ਼ ਦਿਤਾ ਕਿ ਉਹ ਦਿੱਲੀ ਨੂੰ ਅੱਜ (ਸਨਿਚਰਵਾਰ) ਹੀ 490 ਮੀਟਿ੍ਕ ਟਨ ਆਕਸੀਜਨ ਮੁਹਈਆ ਕਰਾਏ ਜਾਂ ਫਿਰ ਅਪਮਾਨ ਦੀ ਕਾਰਵਾਈ ਦਾ ਸਾਹਮਣਾ ਕਰੇ | ਇਸ ਨੇ ਆਕਸੀਜਨ ਸਪਲਾਈ 'ਚ ਕਮੀ ਦੇ ਕਾਰਨ ਬੱਤਰਾ ਹਸਪਤਾਲ 'ਚ 12 ਲੋਕਾਂ ਦੀ ਮੌਤ ਦਾ ਨੋਟਿਸ ਲਿਆ |
ਜਸਟਿਸ ਵਿਪਿਨ ਸੰਘੀ ਅਤੇ ਜਸਟਿਸ ਰੇਖੀ ਪੱਲੀ ਦੇ ਬੈਂਚ ਨੇ ਕਿਹਾ, 'ਸਿਰ ਉਤੋਂ ਕਾਫ਼ੀ ਪਾਣੀ ਲੰਘ ਚੁਕਿਆ ਹੈ | ਹੁਣ ਸਾਨੂੰ ਕੰਮ ਤੋਂ ਮਤਲਬ ਹੈ | ਬਸ ਬਹੁਤ ਹੋ ਗਿਆ |'' ਬੈਂਚ ਨੇ ਆਦੇਸ਼ ਨੂੰ ਸੋਮਵਾਰ ਤਕ ਜਾਂ ਅੱਧੇ ਘੰਟੇ ਲਈ ਵੀ ਟਾਲਣ ਦੀ ਕੇਂਦਰ ਦੀ ਅਪੀਲ ਵੀ ਨਹੀਂ ਮੰਨੀ |
ਕੇਂਦਰ ਦੇ ਵਕੀਲ ਨੇ ਜਦੋਂ ਇਹ ਕਿਹਾ ਕਿ ਆਕਸੀਜਨ ਸੰਕਟ ਦਾ ਮੁੱਦਾ ਸੁਪਰੀਮ ਕੋਰਟ ਕੋਲ ਵੀ ਹੈ ਜੋ ਸਨਿਚਰਵਾਰ ਨੂੰ ਅਪਣਾ ਆਦੇਸ਼ ਜਨਤਕ ਕਰੇਗਾ, ਤਾਂ ਬੈਂਚ ਨੇ ਕਿਹਾ, ''ਕੀ ਤੁਹਾਡਾ ਮਤਲਬ ਇਹ ਹੈ ਕਿ ਜਦੋਂ ਦਿੱਲੀ 'ਚ ਲੋਕ ਮਰ ਰਹੇ ਹਨ ਤਾਂ ਅਸੀਂ ਅਪਣੀਆਂ ਅੱਖਾ ਬੰਦ ਕਰ ਲਈਏ |'' ਬੈਂਚ ਨੇ ਕਿਹਾ ਕਿ ਕੇਂਦਰ ਨੇ ਦਿੱਲੀ ਲਈ 490 ਮੀਟਿ੍ਕ ਟਨ ਆਕਸੀਜਨ ਦੀ ਵੰਡ ਕੀਤੀ ਹੈ ਅਤੇ ''ਤੁਸੀਂ ਇਸ ਨੂੰ ਪੂਰਾ ਕਰੋ |''
ਅਦਾਲਤ ਨੇ ਕਿਹਾ ਕਿ ਦਿੱਲੀ ਇਕ ਉਦਯੋਗਿਕ ਰਾਜ ਨਹੀਂ ਹੈ | ਇਸ ਵਿਚ ਕ੍ਰਾਈਓਜੇਨਿਕ ਟੈਂਕਰ ਵੀ ਨਹੀਂ ਹਨ | ਟੈਂਕਰਾਂ ਦਾ ਪ੍ਰਬੰਧ ਕਰਨ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ | 20 ਅਪ੍ਰੈਲ ਤੋਂ ਦਿੱਲੀ ਨੂੰ ਅਲਾਟਮੈਂਟ ਲਾਗੂ ਹੋ ਗਿਆ ਸੀ ਅਤੇ ਇਕ ਦਿਨ ਲਈ ਵੀ ਦਿੱਲੀ ਨੂੰ ਅਲਾਟ ਕੀਤੀ ਗਈ ਗੈਸ ਦੀ ਸਪਲਾਈ ਨਹੀਂ ਮਿਲੀ | (ਏਜੰਸੀ)