
ਕੇਵਲ 1 ਮਹੀਨੇ ਵਿਚ 120 ਲੱਖ ਟਨ ਦਾ ਟੀਚਾ ਸਰ ਹੋਏਗਾ
ਭਲਕੇ ਤਕ 20,000 ਕਰੋੜ ਤਕ ਦੀ ਅਦਾਇਗੀ
ਚੰਡੀਗੜ੍ਹ, 1 ਮਈ (ਜੀ.ਸੀ. ਭਾਰਦਵਾਜ): ਕੋਰੋਨਾ ਮਹਾਂਮਾਰੀ ਕੇੇਂਦਰ ਵਲੋਂ ਨਵੀਆਂ ਸ਼ਰਤਾਂ, ਮੌਸਮ ਦੀ ਖ਼ਰਾਬੀ ਅਤੇ ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਦੀਆਂ 4 ਖ਼ਰੀਦ ਏਜੰਸੀਆਂ, ਪਨਗੇ੍ਰਨ, ਪਨਸਪ, ਮਾਰਕਫ਼ੈੱਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਹੁਣ ਤਕ ਕੇਵਲ 21 ਦਿਨਾਂ ਵਿਚ 111 ਲੱਖ ਟਨ ਕਣਕ ਦੀ ਖ਼ਰੀਦ ਕੇਂਦਰੀ ਭੰਡਾਰ ਵਾਸਤੇ ਕਰ ਲਈ ਹੈ |
ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 17000 ਕਰੋੜ ਦੀ ਅਦਾਇਗੀ ਬੈਂਕ ਖਾਤਿਆਂ ਵਿਚ ਪੈ ਚੁੱਕੀ ਹੈ ਅਤੇ ਸੋਮਵਾਰ ਨੂੰ ਬੈਂਕ ਖੁੱਲ੍ਹਣ ਉੇਤੇ 2500-3000 ਕਰੋੜ ਤਕ ਦੀ ਹੋਰ ਅਦਾਇਗੀ ਕਰਨ ਨਾਲ ਕਿਸਾਨਾਂ ਨੂੰ ਕੁਲ 20,000 ਕਰੋੜ ਤਕ ਦੀ ਰਕਮ ਮਿਲ ਜਾਵੇਗੀ |
ਮੰਤਰੀ ਨੇ ਦਸਿਆ ਕਿ ਸੀਜ਼ਨ ਦੌਰਾਨ ਅਨੇਕਾਂ ਅੜਚਣਾਂ ਦੇ ਬਾਵਜੂਦ 10 ਅਪ੍ਰੈਲ ਤੋਂ ਸ਼ੁਰੂ ਕੀਤੀ ਖ਼ਰੀਦ, ਐਤਕੀਂ ਟੀਚਾ 120-122 ਲੱਖ ਟਨ ਦਾ 9 ਜਾਂ 10 ਮਈ ਤਕ ਸਰ ਹੋ ਜਾਏਗਾ | ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਕੋਈ ਕਮੀ ਨਹੀਂ, ਇਕ ਦੋ ਥਾਵਾਂ ਉਤੇ ਜੋ ਸੀ ਪੂਰੀ ਕਰ ਦਿਤੀ ਹੈ ਅਤੇ ਕੁਲ 3700 ਖ਼ਰੀਦ ਕੇਂਦਰਾਂ ਵਿਚੋਂ 1500 ਆਰਜ਼ੀ ਮੰਡੀਆਂ ਬੰਦ ਕਰ ਦਿਤੀਆਂ ਹਨ ਅਤੇ ਕਣਕ ਦੀ ਆਮਦ ਵੀ ਰੋਜ਼ਾਨਾ 8 ਲੱਖ ਟਨ ਤੋਂ ਘਟ ਕੇ 3.5 ਲੱਖ ਟਨ ਰਹਿ ਗਈ ਹੈ |
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ 1600 ਪੱਕੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ 15 ਮਈ ਤਕ ਜਾਂ ਇਸ ਤੋਂ ਬਾਅਦ ਵੀ ਚੱਲੇਗੀ ਪਰ ਪਿਛਲੇ ਸਾਲ ਦੀ ਰਿਕਾਰਡ 127.5 ਲੱਖ ਟਨ ਖ਼ਰੀਦ ਦੇ ਬਰਾਬਰ ਪਹੁੰਚਣੀ ਮੁਸ਼ਕਲ ਹੈ | ਦੂਜੇ ਪਾਸੇ 30 ਅਪ੍ਰੈਲ ਤਕ 23678 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਨੂੰ 31 ਮਈ ਤਕ ਪ੍ਰਵਾਨਗੀ, ਰਿਜ਼ਰਵ ਬੈਂਕ ਨੇ ਦੇ ਦਿਤੀ ਹੈ ਅਤੇ ਲਿਮਟ ਵੀ ਵਧਾ ਕੇ 24,000 ਕਰੋੜ ਕਰ ਦਿਤੀ ਹੈ |