
ਸਰਕਾਰ ਪਹਿਲਾਂ ਸਾਡੀ ਜ਼ਮੀਨ ਠੇਕੇ 'ਤੇ ਲੈ ਕੇ ਖ਼ੁਦ ਕਰੇ ਸਿੱਧੀ ਬਿਜਾਈ,ਫਿਰ ਅਸੀਂ ਵੀ ਦੇਖ ਕੇ ਕਰ ਲਵਾਂਗੇ ਸਿੱਧੀ ਬਿਜਾਈ
ਸਰਕਾਰ ਦੇ 1500 ਰੁਪਏ ਪ੍ਰਤੀ ਏਕੜ ਸਹਾਇਤਾ ਦੇ ਐਲਾਨ ਤੋਂ ਕੁੱਝ ਕਿਸਾਨ ਖ਼ੁਸ਼ ਤੇ ਕੁੱਝ ਦੁਖੀ
ਮੋਹਾਲੀ, 1 ਮਈ (ਜਗਸੀਰ ਸਿੰਘ): ਮਾਨ ਸਰਕਾਰ ਨੇ ਜੋ ਐਲਾਨ ਕੀਤਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿਤੀ ਜਾਵੇਗੀ | ਇਸ ਐਲਾਨ ਤੋਂ ਕੱੁਝ ਕਿਸਾਨ ਖ਼ੁਸ਼ ਹਨ ਅਤੇ ਕੁੱਝ ਦੁਖੀ | ਇਸ ਐਲਾਨ ਨੂੰ ਲੈ ਕੇ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 1500 ਰੁਪਏ ਨਾਲ ਸਾਡਾ ਕੱੁਝ ਵੀ ਨਹੀਂ ਬਣਨਾ, ਜੋ ਸਿੱਧੀ ਬਿਜਾਈ ਹੈ ਪਹਿਲਾਂ ਤਾਂ ਖੇਤ ਵਿਚ ਬਹੁਤ ਕੱਖ ਕਬਾੜ ਹੁੰਦਾ ਹੈ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਅਤੇ ਝਾੜ ਵੀ ਨਹੀਂ ਹੁੰਦਾ, ਕੱਦੂ ਕਰ ਕੇ ਬੂਟਾ ਵੀ ਵੱਡਾ ਹੁੰਦਾ ਅਤੇ ਝਾੜ ਦੀ ਪੈਦਾਵਾਰ ਵੱਧ ਹੁੰਦੀ ਹੈ | ਅਸੀਂ ਬਹੁਤ ਸਾਰਾ ਖ਼ਰਚਾ ਕਰ ਕੇ ਵੀ ਘਾਟੇ ਵਿਚ ਪੈ ਰਹੇ ਹਾਂ | ਕਿਸਾਨ ਫਿਰ ਕਰਜ਼ੇ ਥੱਲੇ ਹੀ ਦਬੇਗਾ | ਹੁਣ ਤਾਂ ਇੰਝ ਲਗਦਾ ਕਿ ਝੋਨਾ ਲਾਉਣਾ ਹੀ ਬੰਦ ਕਰਨਾ ਪੈਣਾ |
ਭਾਵੇਂ ਸਰਕਾਰ ਕਿਸਾਨਾਂ ਨੂੰ 20 ਹਜ਼ਾਰ ਪ੍ਰਤੀ ਏਕੜ ਵੀ ਦਿੰਦੀ ਹੈ ਤਾਂ ਵੀ ਕਿਸਾਨ 40-45 ਹਜ਼ਾਰ ਰੁਪਏ ਦੇ ਬਰਾਬਰ ਨਹੀਂ ਪੁਹੰਚ ਸਕਦਾ ਕਿਉਂਕਿ 10-15 ਹਜ਼ਾਰ ਰੁਪਏ ਤਾਂ ਲੇਬਰ ਹੀ ਲੈ ਜਾਂਦੀ ਹੈ ਉਪਰੋਂ ਤੇਲ ਦਾ ਖ਼ਰਚਾ ਸਪਰੇਅ ਦਾ ਖ਼ਰਚਾ, ਸਾਡਾ ਤਾਂ ਪ੍ਰਤੀ ਏਕੜ ਖ਼ਰਚਾ ਹੀ 20 ਹਜ਼ਾਰ ਰੁਪਏ ਹੈ | 1500 ਰੁਪਏ ਵੱਡੀ ਰਕਮ ਨਹੀਂ ਇਸ ਨਾਲੋਂ ਤਾਂ ਮੱਝਾਂ ਲਈ ਪੱਠੇ ਬੀਜਣੇ ਚੰਗੀ ਗੱਲ ਹੈ | ਇਸ ਨਾਲ ਹੀ ਬਲੋਮਾਜਰਾ ਪਿੰਡ ਦੇ ਸਰਪੰਚ ਨੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਬਹੁਤ ਵਧੀਆ ਮੰਨਿਆ ਹੈ ਤੇ ਕਿਹਾ ਕਿ ਮਾਨ ਸਰਕਾਰ ਦੀ ਸੋਚ ਚੰਗੀ ਹੈ | ਉਨ੍ਹਾਂ ਕਿਹਾ ਕਿ ਮੰਨ ਲਉ ਅਸੀਂ ਸਿੱਧੀ ਬਿਜਾਈ ਕਰਦੇ ਹਾਂ ਤਾਂ ਸਾਡੀ ਫ਼ਸਲ ਬਰਬਾਦ ਹੁੰਦੀ ਤਾਂ ਮਾਨ ਸਰਕਾਰ ਸਾਡੇ ਲਈ ਕੀ ਕਰਦੀ ਹੈ?
ਸਰਕਾਰ ਕਿਸਾਨਾਂ ਲਈ ਸੋਚਦੀ ਹੈ ਤਾਂ ਪਹਿਲਾ ਹਰ ਜ਼ਿਲ੍ਹੇ ਵਿਚ 10-15 ਕਿਲ੍ਹੇ ਜ਼ਮੀਨ ਲੈ ਕੇ ਉਸ ਉਪਰ ਖ਼ੁਦ ਸਿੱਧੀ ਬਿਜਾਈ ਕਰੇ ਉਸ ਤੋਂ ਬਾਅਦ ਕਿਸਾਨਾਂ ਨੂੰ ਇਸ ਬਾਰੇ ਦਸਣ | ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਝੋਨਾ ਬੀਜਣਾ, ਹੋਰ ਕੋਈ ਫ਼ਸਲ ਵੀ ਦੇ ਸਕਦੇ | ਫ਼ਸਲ ਉਹ ਹੋਵੇ ਜਿਸ ਵਿਚ ਕਿਸਾਨਾਂ ਨੂੰ ਐਮਐਸਪੀ ਵੀ ਮਿਲੇ ਤਾਂ ਜੋ ਕਿਸਾਨਾਂ ਨੂੰ ਰੇਟ ਪੂਰਾ ਮਿਲ ਸਕੇ ਪਰ 1500 ਨਾਲ ਤਾਂ ਪਾਣੀ ਵੀ ਨਹੀਂ ਬਚਣਾ | ਦੂਜੇ ਪਾਸੇ ਕਿਸਾਨਾਂ ਨੇ ਯੂਨੀਵਰਸਟੀਆਂ ਦੇ ਮਾਹਰਾਂ ਉਤੇ ਸਵਾਲ ਚੁੱਕਦੇ ਕਿਹਾ ਉਹ ਉਥੇ ਬੈਠੇ ਲੱਖਾਂ ਰੁਪਏ ਤਨਖ਼ਾਹਾਂ ਲੈ ਰਹੇ ਹਨ | ਭਗਵੰਤ ਮਾਨ ਨੂੰ ਸਲਾਹਾਂ ਦੇ ਰਹੇ ਹਨ ਸਾਡੇ ਤੋਂ ਠੇਕੇ 'ਤੇ ਪੈਲੀ ਲੈਣ ਸਾਨੂੰ ਸਾਡਾ ਠੇਕਾ ਦੇਣ ਅਪਣੀ ਸਿੱਧੀ ਫ਼ਸਲ ਤਿਆਰ ਕਰਨ ਨਾਲੇ ਸਾਨੂੰ ਦਸਣ ਕਿ ਕਿਵੇਂ ਤਿਆਰ ਹੁੰਦੀ ਹੈ | ਜੇਕਰ ਫ਼ਸਲ ਖ਼ਰਾਬ ਹੁੰਦੀ ਹੈ ਤਾਂ ਸਰਕਾਰ ਨੂੰ ਘਾਟਾ ਪਵੇਗਾ | ਸਾਨੂੰ ਸਾਡਾ ਠੇਕਾ ਮਿਲਿਆ ਹੋਵੇਗਾ ਜੇਕਰ ਜੇ ਇਹ ਬਹਾਲ ਹੁੰਦਾ ਹੈ ਤਾਂ ਸਰਕਾਰ ਦੀ ਬੱਲੇ-ਬੱਲੇ ਹੈ ਨਾਲੇ ਪਾਣੀ ਦੀ ਬੱਚਤ | ਉਨ੍ਹਾਂ ਕਿਹਾ ਕਿ ਉਮੀਦ ਤਾਂ ਰੱਖਣੀ ਪੈਣੀ ਹੈ ਮਾਨ ਸਰਕਾਰ ਵੀ ਚਾਹੁੰਦੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ | ਉਹ ਦਿਨ ਰਾਤ ਲੱਗੇ ਵੀ ਹੋਏ ਨੇ ਪਰ ਅਫ਼ਸਰਸ਼ਾਹੀ ਭਾਰੀ ਹੈ | ਉਨ੍ਹਾਂ ਨੇ ਅਜਿਹਾ ਜੰਗਲਾਂ ਤਿਆਰ ਕੀਤਾ ਹੁੰਦਾ ਕਿ ਸਰਕਾਰ ਤਕ ਅਸੀਂ ਪਹੁੰਚ ਨਹੀਂ ਸਕਦੇ ਪਰ ਮਾਨ ਨੂੰ ਵੀ ਲੋਕਾਂ ਬਾਰੇ ਸਭ ਕੁੱਝ ਪਤਾ ਹੈ ਕਿਉਂਕਿ ਉਹ ਖੁਦ ਗਰਾਊਾਡ ਲੈਵਲ ਤੋਂ ਉਠੇ ਹੋਏ ਇਨਸਾਨ ਹਨ ਤਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਪਤਾ ਹਨ | ਮਾਨ ਸਰਕਾਰ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਕਿ ਪਾਣੀ ਬਚਾਉਣਾ ਹੈ ਤਾਂ ਪਹਿਲਾ ਕਿਸਾਨ ਬਚਾਓ , ਤਾਂ ਜੋ ਕਿਸਾਨ ਵੀ ਤੁਹਾਡੇ ਨਾਲ ਹਮੇਸ਼ਾ ਰਲ ਕੇ ਚਲੇ | ਤੁਸੀਂ ਜਿਨ੍ਹਾਂ ਸਮਾਂ ਲੈਣਾ ਲਓ ਅਰਾਮ ਨਾਲ ਸਿੱਧੀ ਬਿਜਾਈ ਉਪਰ ਕੰਮ ਕਰੋ ਫਿਰ ਜਦੋਂ ਸਹੀ ਹੁੰਦੀ ਹੈ ਤਾਂ ਅਸੀਂ ਵੀ ਕਰਾਂਗੇ ਸਿਧੀ ਬਜਾਈ |