
ਪੰਜਾਬ 'ਚ ਸ਼ਰਾਬ ਹੋਈ ਮਹਿੰਗੀ , ਵੱਖ ਵੱਖ ਤਰ੍ਹਾਂ ਦੀ ਸ਼ਰਾਬ 'ਚ 2 ਤੋਂ 50 ਰੁਪਏ ਤਕ ਦਾ ਕੋਰੋਨਾ ਸੈੱਸ ਲਾਇਆ
ਚੰਡੀਗੜ੍ਹ, 1 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਨੇ ਸ਼ਰਾਬ ਉਪਰ ਐਕਸਾਈਜ਼ ਡਿਊਟੀ ਵਧਾਉਣ ਅਤੇ ਅਸੈਸਡ ਫ਼ੀਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਪੰੰਜਾਬ 'ਚ ਸ਼ਰਾਬ ਹੁਣ ਮਹਿੰਗੀ ਹੋ ਜਾਵੇਗੀ। ਕੋਰੋਨਾ ਸੈੱਸ ਦੇ ਨਾਂ ਹੇਠ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਦੇ ਰੇਟ 2 ਤੋਂ 50 ਰੁਪਏ ਤਕ ਵਧਾਏ ਗਏ ਹਨ। ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਖ਼ੁਦ ਦਿਤੀ, ਜਿਨ੍ਹਾਂ ਕੋਲ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਹੈ। ਸ਼ਰਾਬ ਦੀਆਂ ਨਵੀਆ ਦਰਾਂ ਪਹਿਲੀ ਜੂਨ ਤੋਂ ਤੁਰਤ ਹੀ ਲਾਗੂ ਹੋ ਗਈਆਂ ਹਨ।
ਇਸ ਨਾਲ ਸਰਕਾਰ ਨੂੰ 145 ਕਰੋੜ ਰੁਪਏ ਸਾਲਾਨਾ ਆਮਦਨ ਹੋਵੇਗੀ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਆਮਦਨ ਨੂੰ ਕੋਰੋਨਾ ਦੀ ਰੋਕਥਾਮ ਦੇ ਕੰਮਾਂ ਉਪਰ ਹੀ ਖ਼ਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਠੇਕੇ ਖੋਲ੍ਹਣ ਤੋਂ ਬਾਅਦ ਤਾਲਾਬੰਦੀ ਦੇ ਸਮੇਂ ਘਾਟੇ ਦਾ ਅਨੁਮਾਨ ਲਾਉਣ ਲਈ ਮੰਤਰੀਆਂ ਦੀ ਕਮੇਟੀ ਗਠਤ ਕੀਤੀ ਗਈ ਸੀ ਜਿਸ ਨੂੰ ਸ਼ਰਾਬ 'ਤੇ ਸੈੱਸ ਲਾਉਣ ਲਈ ਵੀ ਸਿਫ਼ਾਰਸ਼ ਲਈ ਕਿਹਾ ਗਿਆ ਸੀ। ਇਸ ਕਮੇਟੀ ਦੀ ਸਿਫ਼ਾਰਸ਼ 'ਤੇ ਹੀ ਕੋਰੋਨਾ ਸੈੱਸ ਲਾਇਆ ਗਿਆ ਹੈ। ਕਮੇਟੀ ਵਲੋ ਂ ਅਨੁਮਾਨ ਲਾਇਆ ਗਿਆ ਹੈ ਕਿ ਸੂਬੇ ਨੂੰ ਤਾਲਾਬੰਦੀ ਕਾਰਨ 30 ਫ਼ੀ ਸਦੀ ਮਾਲੀਆ ਦਾ ਨੁਕਸਾਨ ਹੋਵੇਗਾ।
File photo
ਇਸ ਤਰ੍ਹਾਂ ਹੋਵੇਗਾ ਵਾਧਾ:
ਐਡੀਸ਼ਨਲ ਐਕਸਾਈਜ਼ ਡਿਊਟੀ 'ਚ ਪੰਜਾਬ ਮੀਡੀਅਮ ਸ਼ਰਾਬ 'ਤੇ 5 ਰੁਪਏ ਪ੍ਰਤੀ ਕੁਆਰਟਰ, 3 ਰੁਪਏ ਪ੍ਰਤੀ ਪਿੰਟ, 2 ਰੁਪਏ ਹੋਰ ਛੋਟੇ ਆਕਾਰ 'ਤੇ ਵਾਧਾ ਕੀਤਾ ਗਿਆ ਹੈ। ਇੰਡੀਅਨ ਮੇਡ ਵਿਦੇਸ਼ੀ ਸ਼ਰਾਬ 'ਤੇ 10 ਰੁਪਏ ਪ੍ਰਤੀ ਕੁਆਰਟਰ, 6 ਰੁਪਏ ਪ੍ਰਤੀ ਪਿੰਟ ਅਤੇ 4 ਰੁਪਏ ਹੋਰ ਆਕਾਰਾਂ 'ਤੇ ਵਧਾਏ ਗਏ ਹਨ। ਬੀਅਰ 5 ਰੁਪਏ ਪ੍ਰਤੀ 650 ਮਿਲੀਲਿਟਰ, ਵਾਈਨ 'ਤੇ 10 ਰੁਪਏ ਪ੍ਰਤੀ 650 ਮਿਲੀਲਿਟਰ ਅਤੇ ਆਰ.ਟੀ.ਡੀ. 'ਤੇ 5 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਇੰਪੋਰਟਡ ਵਿਦੇਸ਼ੀ ਸ਼ਰਾਬ 'ਤੇ 50 ਰੁਪਏ ਪ੍ਰਤੀ 750 ਮਿਲੀਲਿਟਰ ਅਤੇ ਹੋਰ ਸਾਰੇ ਆਕਾਰਾਂ 'ਤੇ 30 ਰੁਪਏ, ਤੇ ਇਸੇ ਤਰ੍ਹਾਂ ਇੰਪੋਰਟਡ ਬੀਅਰ ਉਪਰ 7 ਰੁਪਏ ਪ੍ਰਤੀ 650 ਮਿਲੀਲਿਟਰ ਦੇ ਹਿਸਾਬ ਨਾਲ ਅਸੈਸਡ ਫ਼ੀਸ ਲਾਈ ਗਈ ਹੈ।