ਡੇਰਾ ਸੰਤਗੜ੍ਹ ਹਰਖੋਵਾਲ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ
Published : Jun 2, 2020, 10:07 am IST
Updated : Jun 2, 2020, 10:07 am IST
SHARE ARTICLE
File Photo
File Photo

ਇਥੋਂ ਨੇੜਲੇ ਪਿੰਡ ਮਟੌਰ ਵਾਰਡ ਨੰਬਰ 9 ਸਥਿਤ ਡੇਰਾ ਸੰਤਗੜ੍ਹ ਹਰਖੋਵਾਲ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਜਿਸ ਕਾਰਨ ਪਿੰਡ ’ਚ ਸਥਿਤੀ

ਸ੍ਰੀ ਅਨੰਦਪੁਰ ਸਾਹਿਬ, 1 ਜੂਨ (ਸੇਵਾ ਸਿੰਘ/ਭਗਵੰਤ ਮਟੌਰ): ਇਥੋਂ ਨੇੜਲੇ ਪਿੰਡ ਮਟੌਰ ਵਾਰਡ ਨੰਬਰ 9 ਸਥਿਤ ਡੇਰਾ ਸੰਤਗੜ੍ਹ ਹਰਖੋਵਾਲ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਜਿਸ ਕਾਰਨ ਪਿੰਡ ’ਚ ਸਥਿਤੀ ਤਣਾਅਪੂਰਨ ਬਣ ਗਈ। ਸਥਾਨਕ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 6 ਟਰੈਕਟਰ ਜ਼ਬਤ ਕੀਤੇ ਗਏ ਹਨ। ਇਸ ਸਬੰਧੀ ਡੇਰਾ ਸੰਤਗੜ੍ਹ ਵਿਖੇ ਗੱਲਬਾਤ ਕਰਦਿਆਂ ਡੇਰੇ ਦੇ ਮੁਖੀ ਬਾਬਾ ਭਗਵਾਨ ਸਿੰਘ ਨੇ ਦਸਿਆ ਕਿ ਇਸ ਡੇਰੇ ਦੇ ਉਨ੍ਹਾਂ ਤੋਂ ਪਹਿਲੇ ਮੁਖੀ ਬਾਬਾ ਦੀਦਾਰ ਸਿੰਘ ਨੇ ਅਪਣੇ ਅਕਾਲ ਚਲਾਣੇ ਤੋਂ ਪਹਿਲਾਂ ਉਨ੍ਹਾਂ ਨੂੰ (ਭਗਵਾਨ ਸਿੰਘ) ਨੂੰ ਇਸ ਡੇਰੇ ਦਾ ਮੁਖੀ ਥਾਪਿਆ ਸੀ ਪਰ ਇਸ ਸੰਪਰਦਾ ’ਤੇ ਕਬਜ਼ਾ ਕਰਨ ਦੀ ਨੀਅਤ ਰੱਖ ਕੇ ਬੈਠੇ ਦੂਜੀ ਧਿਰ ਦੇ ਮੁਖੀ ਬਾਬਾ ਮਨਜੀਤ ਸਿੰਘ ਵਲੋਂ ਅਪਣੇ ਵੱਡੀ ਗਿਣਤੀ ਬੰਦਿਆਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਸਥਿਤ ਡੇਰਾ ਸੰਤਗੜ੍ਹ (ਹਰਖੋਵਾਲ) ’ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪਰ ਡੇਰੇ ’ਚ ਮੌਜੂਦ ਸਾਡੇ ਸੇਵਾਦਾਰਾਂ ਵਲੋਂ ਸਮਾਂ ਰਹਿੰਦੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇਣ ਕਾਰਨ ਉਨ੍ਹਾਂ ਦੀ ਇਹ ਕੋਸ਼ਿਸ਼ ਅਸਫਲ ਹੋ ਗਈ। 
ਬਾਬਾ ਭਗਵਾਨ ਸਿੰਘ ਨੇ ਅੱਗੇ ਦਸਿਆ ਕਿ ਜਨਵਰੀ 2019 ’ਚ ਬਾਬਾ ਦੀਦਾਰ ਸਿੰਘ ਦੇ ਅਕਾਲ ਚਲਾਣੇ ਦੇ ਬਾਅਦ ਤੋਂ ਲੈ ਕੇ ਹੁਣ ਤਕ ਬਾਬਾ ਮਨਜੀਤ ਸਿੰਘ ਵਲੋਂ ਇਸ ਡੇਰੇ ’ਤੇ ਕਬਜ਼ਾ ਕਰਨ ਸਬੰਧੀ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਦਿਤੀਆਂ ਜਾਂਦੀਆਂ ਰਹੀਆਂ ਹਨ, ਇਸ ਸਬੰਧੀ ਉਨ੍ਹਾਂ ਵਲੋਂ ਤਕਰੀਬਨ ਤਿੰਨ ਮਹੀਨੇ ਪਹਿਲਾਂ ਜ਼ਿਲ੍ਹਾ ਪੁਲਿਸ ਨੂੰ ਦਰਖਾਸਤ ਵੀ ਦਿਤੀ ਗਈ ਸੀ।

ਉਨ੍ਹਾਂ ਅੱਗੇ ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਲਾਭ ਲੈਂਦੇ ਹੋਏ ਬਾਬਾ ਮਨਜੀਤ ਸਿੰਘ ਦੇ ਸਮਰਥਕਾਂ ਵਲੋਂ ਡੇਰੇ ਅੰਦਰ ਧੱਕੇ ਨਾਲ ਦਾਖ਼ਲ ਹੋ ਕੇ ਅਪਣੇ ਟਰੈਕਟਰਾਂ ਨਾਲ ਡੇਰੇ ਅੰਦਰ ਕਈ ਏਕੜ ਵਿਚ ਲੱਗੀਆਂ ਲੱਖਾਂ ਰੁਪਏ ਦੀਆਂ ਸਬਜ਼ੀਆਂ ਵਾਹ ਦਿਤੀਆਂ ਅਤੇ ਹੋਰ ਵੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਬਾ ਮਨਜੀਤ ਸਿੰਘ ਅਤੇ ਉਸ ਦੇ ਸਮਰਥਕਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਸੰਗਤ ਦੀ ਸਲਾਹ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੋਕੇ ਰਾਜਦੀਪ ਥੱਪਲ, ਬਲਬੀਰ ਸਿੰਘ ਭੀਰੀ, ਪਰਮਜੀਤ ਸਿੰਘ, ਈਸ਼ਵਰ ਸਿੰਘ, ਪ੍ਰੇਮ ਸਿੰਘ, ਦੀਦਾਰ ਸਿੰਘ, ਹਰੀ ਸਿੰਘ, ਜਗਮੋਹਨ ਸਿੰਘ ਸਮੇਤ ਵੱਡੀ ਗਿਣਤੀ ਸਮਰਥਕ ਹਾਜ਼ਰ ਸਨ।

 ਜਦੋਂ ਬਾਬਾ ਭਗਵਾਨ ਸਿੰਘ ਵਲੋਂ ਲਗਾਏ ਦੋਸ਼ਾਂ ਸਬੰਧੀ ਬਾਬਾ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਹਰਖੋਵਾਲ ਸੰਪਰਦਾ ਦੇ ਉਹ ਹੀ ਅਸਲੀ ਮੁਖੀ ਹਨ ਕਿਉਂਕਿ ਜਿਥੇ ਮੁੱਖ ਹਰਖੋਵਾਲ ਸਥਿਤ ਡੇਰੇ ’ਤੇ ਉਹ ਹੀ ਸੰਗਤ ਦੀ ਸੇਵਾ ਕਰ ਰਹੇ ਹਨ, ਉਥੇ ਹੀ ਸਾਰੀ ਜ਼ਮੀਨ ਦੀਆਂ ਰਜਿਸਟਰੀਆਂ ਉਨ੍ਹਾਂ ਕੋਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮਰਥਕ ਸ੍ਰੀ ਅਨੰਦਪੁਰ ਸਾਹਿਬ ਸਥਿਤ ਡੇਰੇ ’ਤੇ ਕਬਜ਼ਾ ਕਰਨ ਨਹੀਂ ਸਗੋਂ ਅਪਣੀ ਜ਼ਮੀਨ ਦੀ ਵਹਾਈ ਕਰਨ ਗਏ ਸੀ ਕਿਉਂਕਿ ਉਹ ਜ਼ਮੀਨ ਉਨ੍ਹਾਂ ਦੀ ਅਪਣੀ ਹੈ ਜਿਸ ਦੇ ਸਾਰੇ ਕਾਗਜ਼ਾਤ ਉਨ੍ਹਾਂ ਕੋਲ ਮੌਜੂਦ ਹਨ।

 ਇਸ ਸਬੰਧੀ ਚੌਕੀ ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਬਾਬਾ ਭਗਵਾਨ ਸਿੰਘ ਦੀ ਸ਼ਿਕਾਇਤ ’ਤੇ ਡੇਰੇ ਉਪਰ ਕਬਜ਼ਾ ਕਰਨ ਦੀ ਨੀਅਤ ਨਾਲ ਆਏ 13 ਵਿਅਕਤੀਆਂ ਕਰਨਜੀਤ ਸਿੰਘ ਵਾਸੀ ਨਸਰਾਲਾ, ਅਮਰੀਕ ਸਿੰਘ ਅਤੇ ਕਰਮਵੀਰ ਸਿੰਘ ਵਾਸੀ ਰਾਜਪੁਰ ਭਾਈਆਂ, ਕੁਲਵੰਤ ਸਿੰਘ ਵਾਸੀ ਬਢਲਾਟ, ਤਲਵਿੰਦਰ ਸਿੰਘ,ਹਰਦੀਪ ਸਿੰਘ ਅਤੇ ਜੱਸਾ ਸਿੰਘ ਵਾਸੀ ਮਨਹਾਈਆਂ, ਹਰਜਾਪ ਸਿੰਘ ਵਾਸੀ ਰਾਜਪੁਰ ਭਾਈਆਂ, ਗੁਰਬਚਨ ਸਿੰਘ ਵਾਸੀ ਬੱਢਲਾਂ, ਜਸਕਰਨ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਰਾਜਪੁਰ ਭਾਈਆ ਤੋਂ ਇਲਾਵਾ ਲਖਵਿੰਦਰ ਸਿੰਘ ਵਾਸੀ ਮੁੱਗੋਵਾਲ ਹੁਸ਼ਿਆਰਪੁਰ, ਸਰਵਣ ਸਿੰਘ ਵਾਸੀ ਪਰਸਰਾਮਪੁਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ 6 ਟਰੈਕਟਰ ਵੀ ਜ਼ਬਤ ਕੀਤੇ ਗਏ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement