
ਅਪਣਿਆਂ ਨੂੰ ਰਿਉੜੀਆਂ ਤੇ ਸ਼ਹੀਦ ਊਧਮ ਸਿੰਘ ਦੇ ਪਰਵਾਰਕ ਮੈਂਬਰ ਦਿਹਾੜੀਆਂ ਕਰਨ ਲਈ ਮਜਬੂਰ : ਮੀਤ ਹੇਅਰ
ਚੰਡੀਗੜ੍ਹ, 1 ਜੂਨ (ਸੁਰਜੀਤ ਸਿੰਘ ਸੱਤੀ) : 'ਆਪ' ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸੀ ਵਿਧਾਇਕ ਫ਼ਤਿਹਜੰਗ ਬਾਜਵਾ ਦੇ ਬੇਟੇ ਨੂੰ ਡੀ.ਐਸ.ਪੀ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਨੂੰ ਤਹਿਸੀਲਦਾਰ ਨਿਯੁਕਤ ਕਰਨ ਦੇ ਫ਼ੈਸਲੇ 'ਤੇ ਟਿਪਣੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 'ਘਰ-ਘਰ ਨੌਕਰੀ' ਦੇਣ ਦਾ ਵਾਅਦਾ ਕਾਂਗਰਸੀ ਆਗੂਆਂ ਦੇ ਧੀਆਂ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੂਰਾ ਕਰ ਰਹੇ ਹਨ, ਜਦਕਿ ਪੰਜਾਬ ਦੇ ਆਮ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਰੁਜ਼ਗਾਰ ਮੇਲਿਆਂ ਦੇ ਨਾਂ 'ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ |
ਇਕ ਬਿਆਨ ਰਾਹੀਂ ਯੂਥ ਆਗੂ ਨੇ ਕਿਹਾ ਕਿ ਦੇਸ਼ ਲਈ ਸ਼ਹੀਦ ਹੋਣ ਵਾਲੇ ਸਰਦਾਰ ਊਧਮ ਸਿੰਘ ਦੇ ਪਰਵਾਰ ਦੇ ਮੈਂਬਰ ਦਿਹਾੜੀਆਂ ਕਰਨ ਲਈ ਮਜਬੂਰ ਹਨ | ਕੈਪਟਨ ਸਰਕਾਰ ਨੇ ਇਸ ਦੇਸ਼ ਭਗਤ ਪਰਵਾਰ ਦੀ ਸਾਰ ਨਹੀਂ ਲਈ, ਪਰ ਅਤਿਵਾਦੀ ਹਮਲਿਆਂ ਵਿਚ ਮਾਰੇ ਗਏ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਵੱਡੀਆਂ-ਵੱਡੀਆਂ ਨੌਕਰੀਆਂ ਦਿਤੀਆਂ ਜਾ ਰਹੀਆਂ ਹਨ ਜਦਕਿ 2017 ਵਿਚ ਵੀ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ ਬੇਅੰਤ ਸਿੰਘ ਦੇ ਪੋਤੇ ਨੂੰ ਸਿੱਧਾ ਡੀ.ਐਸ.ਪੀ. ਲਗਾਇਆ ਗਿਆ ਸੀ ਜੋ ਮਸਲਾ ਅੱਜ ਵੀ ਹਾਈ ਕੋਰਟ ਵਿਚ ਪੈਂਡਿੰਗ ਹੈ |
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਐਸ.ਪੀ ਅਤੇ ਤਹਿਸੀਲਦਾਰ ਦੀਆਂ ਨੌਕਰੀਆਂ ਦੇਣ ਦਾ ਕਾਰਨ ਦੋਵੇਂ ਵਿਧਾਇਕਾਂ
ਦੇ ਪਿਤਾ ਦਾ ਅਤਿਵਾਦੀ ਹਮਲਿਆਂ ਵਿਚ ਮਾਰੇ ਜਾਣਾ ਦਸਿਆ ਜਾ ਰਿਹਾ ਹੈ |
ਮੀਤ ਹੇਅਰ ਨੇ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਅਤਿਵਾਦੀ ਹਮਲਿਆਂ ਵਿਚ ਮਾਰੇ ਗਏ ਆਮ ਪਰਵਾਰਾਂ ਦੇ ਕਿੰਨੇ ਧੀਆਂ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦਿਤੀਆਂ ਹਨ? ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਦੀ ਜ਼ਰੂਰਤ ਆਮ ਪਰਵਾਰਾਂ ਨੂੰ ਹੈ, ਨਾਕਿ ਅਰਬਪਤੀ ਵਿਧਾਇਕਾਂ ਦੇ ਪਰਵਾਰਾਂ ਨੂੰ |
ਮੀਤ ਹੇਅਰ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਸੌਦੇਬਾਜ਼ੀ ਕਰ ਰਿਹਾ ਹੈ, ਜੋ ਕਾਂਗਰਸ ਪਾਰਟੀ ਵਿਚ ਕੈਪਟਨ ਵਿਰੁਧ ਉਠੀ ਬਗ਼ਾਵਤ ਨੂੰ ਸ਼ਾਂਤ ਕਰਨ ਦੀ ਇਕ ਕੋਸ਼ਿਸ਼ ਹੈ | ਉਨ੍ਹਾਂ ਕਿਹਾ ਕਿ ਜੇਕਰ ਅਤਿਵਾਦੀ ਹਮਲਿਆਂ ਕਾਰਨ ਹੋਈਆਂ ਮੌਤਾਂ ਕਰ ਕੇ ਹੀ ਇਨ੍ਹਾਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣੀਆਂ ਬਣਦੀਆਂ ਸਨ ਤਾਂ 4 ਸਾਲ ਕੈਪਟਨ ਸਰਕਾਰ ਕਿਉਂ ਸੁੱਤੀ ਪਈ ਰਹੀ | ਅਸਲ ਵਿਚ ਕੈਪਟਨ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੀ ਵਾਅਦਾਿਖ਼ਲਾਫ਼ੀ ਕਾਰਨ ਕਾਂਗਰਸੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖਿਚਣੀ ਸ਼ੁਰੂ ਕਰ ਦਿਤੀ ਹੈ ਅਤੇ ਕੈਪਟਨ ਇਨ੍ਹਾਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਕੇ ਅਪਣੀ ਕੁਰਸੀ ਬਚਾਉਣ ਲਈ ਸੌਦੇਬਾਜੀ ਕਰ ਰਹੇ |