
ਅੰਮ੍ਰਿਤਸਰ ਦੇ ਵਾਰਡ ਨੰਬਰ-2 ਦੇ ਕੌਂਸਲਰ ਸੁਰਿੰਦਰ ਚੌਧਰੀ ਜਦੋਂ ਨਿਗਮ ਹਾਊਸ 'ਚ ਪਹੁੰਚੇ ਤਾਂ ਸਭ ਦਾ ਧਿਆਨ ਉਨ੍ਹਾਂ ਵਲ ਖਿਚਿਆ ਗਿਆ। ਗੱਲ ਹੀ ਕੁੱਝ ਇਸ ਤਰ੍ਹਾਂ ਦੀ....
ਅੰਮ੍ਰਿਤਸਰ ਦੇ ਵਾਰਡ ਨੰਬਰ-2 ਦੇ ਕੌਂਸਲਰ ਸੁਰਿੰਦਰ ਚੌਧਰੀ ਜਦੋਂ ਨਿਗਮ ਹਾਊਸ 'ਚ ਪਹੁੰਚੇ ਤਾਂ ਸਭ ਦਾ ਧਿਆਨ ਉਨ੍ਹਾਂ ਵਲ ਖਿਚਿਆ ਗਿਆ। ਗੱਲ ਹੀ ਕੁੱਝ ਇਸ ਤਰ੍ਹਾਂ ਦੀ ਸੀ। ਹੱਥਾਂ 'ਚ ਹੱਥਕੜੀਆਂ, ਪੁਲਿਸ ਦਾ ਘੇਰਾ। ਵੇਖਣ ਨੂੰ ਤਾਂ ਇਹੀ ਲੱਗ ਰਿਹਾ ਸੀ ਜਿਵੇਂ ਕੋਈ ਮੁਜਰਿਮ ਅਦਾਲਤ 'ਚ ਪੇਸ਼ੀ ਲਈ ਆਇਆ ਹੋਵੇ, ਪਰ ਇਹ ਨਜ਼ਾਰਾ ਕਿਸੇ ਅਦਾਲਤ ਦਾ ਨਹੀਂ ਸਗੋਂ ਅੰਮ੍ਰਿਤਸਰ ਦੇ ਨਿਗਮ ਹਾਊਸ ਦਾ ਹੈ ਜਿਥੇ ਕਤਲ ਦਾ ਮੁਲਜ਼ਮ ਕੌਂਸਲਰ ਹੱਥਕੜੀਆਂ ਲਗਾ ਕੇ ਹੀ ਹਾਊਸ ਮੀਟਿੰਗ 'ਚ ਪਹੁੰਚ ਗਿਆ।
ਕੌਂਸਲਰ ਸੁਰਿੰਦਰ ਚੌਧਰੀ 2017 'ਚ ਹੋਏ ਕਾਂਸਟੇਬਲ ਦੇ ਕਤਲ ਮਾਮਲੇ 'ਚ ਜੇਲ 'ਚ ਹਨ। ਦਸੰਬਰ 2017 'ਚ ਚੌਧਰੀ ਨੇ ਅੰਤਰਿਮ ਜ਼ਮਾਨਤ ਲੈ ਕੇ ਆਜ਼ਾਦ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਜ਼ਿਕਰਯੋਗ ਹੈ ਕਿ ਸੁਰਿੰਦਰ ਚੌਧਰੀ ਪੁਤਲੀਘਰ ਦੀ ਜਾਣੀ ਪਛਾਣੀ ਸ਼ਖ਼ਸੀਅਤ ਹਨ। ਉਨ੍ਹਾਂ ਨੇ ਪਹਿਲੀ ਵਾਰ 1992 'ਚ ਕਾਰਪੋਰੇਸ਼ਨ ਦੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ ਪਹਿਲੀ ਵਾਰ ਹਾਰ ਦਾ ਮੂੰਹ ਵੇਖਿਆ ਪਰ ਬਾਅਦ ਵਿਚ 1997 'ਚ ਫਿਰ ਆਜ਼ਾਦ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ ਅਤੇ ਲਗਾਤਾਰ ਚਾਰ ਵਾਰ ਕੌਂਸਲਰ ਰਹਿ ਚੁਕੇ ਹਨ।
ਪਟੀਸ਼ਨ ਤੋਂ ਬਾਅਦ ਅਦਾਲਤ ਨੇ ਚੌਧਰੀ ਨੂੰ ਢਾਈ ਘੰਟਿਆਂ ਦੀ ਮੋਹਲਤ ਦਿਤੀ ਤੇ ਬੀਤੇ ਦਿਨੀਂ ਪੁਲਿਸ ਹਿਰਾਸਤ 'ਚ ਉਸ ਨੂੰ ਮੀਟਿੰਗ 'ਚ ਲਿਆਂਦਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਕੋਈ ਕਤਲ ਦਾ ਦੋਸ਼ੀ ਇਸ ਤਰ੍ਹਾਂ ਹੱਥਕੜੀਆਂ ਲਗਾ ਕੇ ਹਾਊਸ ਮੀਟਿੰਗ 'ਚ ਪਹੁੰਚਿਆ ਹੋਵੇ। ਸੁਰਿੰਦਰ ਚੌਧਰੀ ਨੇ ਹਾਊਸ ਦੀ ਮੀਟਿੰਗ 'ਚ ਅਪਣੇ ਇਲਾਕੇ ਦੇ ਵਿਕਾਸ ਕਾਰਜਾਂ ਬਾਰੇ ਜਾਣੂੰ ਕਰਵਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਮੇਰੇ ਇਲਾਕੇ ਦਾ ਕੋਈ ਵੀ ਕੰਮ ਨਗਰ ਨਿਗਮ ਵਲੋਂ ਨਹੀਂ ਰਹਿਣਾ ਚਾਹੀਦਾ।
ਉਧਰ ਜਦੋਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਤੋਂ ਇਸ ਸਬੰਧੀ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੁਰਿੰਦਰ ਚੌਧਰੀ ਲੋਕਾਂ ਦਾ ਨੁਮਾਇੰਦਾ ਹੈ ਅਤੇ ਹਾਊਸ ਮੀਟਿੰਗ 'ਚ ਆਉਣਾ ਉਸ ਦਾ ਹੱਕ ਹੈ। ਰਿੰਟੂ ਨੇ ਕਿਹਾ ਕਿ ਉਹ ਅਪਣੇ ਇਲਾਕੇ ਦੇ ਲੋਕਾਂ ਵਲੋਂ ਜਿੱਤ ਪ੍ਰਾਪਤ ਕਰ ਕੇ ਨਗਰ ਨਿਗਮ ਕੌਂਸਲਰ ਬਣੇ ਹਨ।
- ਮਨਪ੍ਰੀਤ ਸਿੰਘ ਜੱਸੀ, ਅੰਮ੍ਰਿਤਸਰ