
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਮਾਈਨਿੰਗ ਕਾਰੋਬਾਰੀ ਅਪਣੀ ਹੀ ਪਾਰਟੀ ਦੇ ਅਤੇ ਚੋਣਾਂ ਸਮੇਂ ਪ੍ਰਮੁੱਖ ਸਮਰਥਕ ਵੀ ਰਹੇ ਵਿਅਕਤੀਆਂ...
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਮਾਈਨਿੰਗ ਕਾਰੋਬਾਰੀ ਅਪਣੀ ਹੀ ਪਾਰਟੀ ਦੇ ਅਤੇ ਚੋਣਾਂ ਸਮੇਂ ਪ੍ਰਮੁੱਖ ਸਮਰਥਕ ਵੀ ਰਹੇ ਵਿਅਕਤੀਆਂ ਨਾਲ ਝੜਪ ਬਾਰੇ ਜੱਗ ਜਾਣਦਾ ਹੈ। ਜਿੰਨੇ ਚਿਰ ਨੂੰ ਸੰਦੋਆ ਨੂੰ ਰੋਪੜ ਜ਼ਿਲ੍ਹੇ 'ਚੋਂ ਇਲਾਜ ਲਈ ਪੀ.ਜੀ.ਆਈ. ਲਿਆਂਦਾ ਗਿਆ, ਉਨੇ ਹੀ ਚਿਰ 'ਚ ਹਮਲਾਵਰ ਅਤੇ ਵਿਧਾਇਕ ਦੀਆਂ ਚੋਣਾਂ ਵੇਲੇ ਦੀਆਂ ਤਸਵੀਰਾਂ ਅਤੇ ਹੋਰ ਸਮਗਰੀ ਮੀਡੀਆ ਅਤੇ ਸੋਸ਼ਲ ਮੀਡੀਆ ਉਤੇ ਆ ਗਈ। ਸੰਦੋਆ ਵਲੋਂ ਇਸ ਵਾਸਤੇ ਅਪਣੇ ਸਿਆਸੀ ਵਿਰੋਧੀ ਅਤੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਜ਼ੁੰਮੇਵਾਰ ਦੱਸ ਕੇ ਭੰਡਿਆ ਜਾ ਰਿਹਾ ਹੈ।
Amarjit Singh Sandoa
ਦੂਜੇ ਪਾਸੇ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪ ਵਿਧਾਇਕ ਉਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਅਤੇ ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੀ.ਜੀ.ਆਈ. ਵਿਚ ਜਾ ਕੇ ਸੰਦੋਆ ਦਾ ਹਾਲ ਚਾਲ ਵੀ ਪੁਛਿਆ। ਇਸ ਦੌਰਾਨ ਇਕ ਸੀਨੀਅਰ ਮੰਤਰੀ ਨੇ ਵਿਧਾਇਕ
ਉਤੇ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਗੱਲ ਆਖੀ ਤਾਂ ਇਕ ਹੋਰ ਸੀਨੀਅਰ ਕਾਂਗਰਸੀ ਮੰਤਰੀ ਦੇ ਮੀਡੀਆ ਬਿਆਨ ਮੁਤਾਬਕ ਆਪ ਵਿਧਾਇਕ ਦਾ ਮਾਈਨਿੰਗ ਸਾਈਟ ਉਤੇ ਛਾਪੇਮਾਰੀ ਲਈ ਜਾਣਾ ਹੀ ਗ਼ਲਤ ਸੀ। ਇਸ ਤੋਂ ਇਕ ਗੱਲ ਤਾਂ ਸਪਸ਼ਟ ਹੈ ਕਿ ਪੰਜਾਬ ਵਿਚ ਮਾਈਨਿੰਗ ਦੀ ਸਿਆਸੀ ਸਰਕਸ 'ਚ ਹਰ ਕਿਸੇ ਦਾ ਆਪੋ ਅਪਣਾ ਵਖਰਾ ਏਜੰਡਾ ਹੈ ਤੇ ਪਾਰਟੀ ਜਾਂ 'ਅਸੂਲਾਂ' ਦੀ ਗੱਲ ਦਾ ਕੋਈ ਅਰਥ ਨਹੀਂ ਰਹਿ ਗਿਆ। - ਨੀਲ ਭਲਿੰਦਰ, ਚੰਡੀਗੜ੍ਹ