
ਇਸ ਮਹੀਨੇ 20 ਕੁ ਦਿਨ ਪਹਿਲਾਂ ਵਿਧਾਇਕਾਂ ਦੇ ਫ਼ਲੈਟਾਂ 'ਚ ਸੁਰੱਖਿਆ ਦੇ ਕਰੜੇ ਇੰਤਜ਼ਾਮ ਵੇਖ ਕੇ ਕਈ ਸਾਈਕਲ ਸਵਾਰਾਂ, ਸਕੂਟਰਾਂ ਵਾਲਿਆਂ, ਪਟਰੌਲ ਪੰਪ ਦੇ ਕਾਰਿੰਦਿਆਂ ਤੇ....
ਇਸ ਮਹੀਨੇ 20 ਕੁ ਦਿਨ ਪਹਿਲਾਂ ਵਿਧਾਇਕਾਂ ਦੇ ਫ਼ਲੈਟਾਂ 'ਚ ਸੁਰੱਖਿਆ ਦੇ ਕਰੜੇ ਇੰਤਜ਼ਾਮ ਵੇਖ ਕੇ ਕਈ ਸਾਈਕਲ ਸਵਾਰਾਂ, ਸਕੂਟਰਾਂ ਵਾਲਿਆਂ, ਪਟਰੌਲ ਪੰਪ ਦੇ ਕਾਰਿੰਦਿਆਂ ਤੇ ਪ੍ਰਬੰਧਕਾਂ ਸਮੇਤ ਚਾਹ ਵਾਲਿਆਂ, ਢਾਬੇ ਨੇੜੇ ਖੜੇ ਰੋਟੀ ਦੀ ਤਲਾਸ਼ 'ਚ ਕਈ ਪੁਲਿਸ ਵਾਲਿਆਂ ਤੇ ਚਿੱਟ ਕਪੜੇ ਸੂਹੀਆ ਸਟਾਫ਼ 'ਚ ਘੁਸਰ-ਮੁਸਰ ਹੋ ਰਹੀ ਸੀ ਕਿ ਅੱਜ 'ਮੁੱਖ ਮੰਤਰੀ' ਪਧਾਰੇ ਹੋਏ ਹਨ।
ਕੁਝ ਮਿੰਟਾਂ 'ਚ ਕਈ ਅਕਾਲੀ ਨੇਤਾ, ਐਮ.ਪੀ., ਵਿਧਾਇਕ ਤੇ ਭਾਜਪਾ ਦੇ ਚੋਣਵੇਂ ਸਿਰਕੱਢ ਨੀਤੀਘਾੜੇ ਵੀ ਆ ਗਏ। 'ਮੁੱਖ ਮੰਤਰੀ' ਨਾਲ ਮੁਲਾਕਾਤ ਕਰਨ, ਉਨ੍ਹਾਂ ਦੇ ਦਰਸ਼ਨ ਕਰਨ ਅਤੇ ਨੇੜੇ ਪਹੁੰਚਣ ਦੀ ਚਾਹਤ ਵਾਲੇ ਕਾਹਲੇ ਪੈ ਰਹੇ ਸਨ। ਕਈਆਂ ਨੇ ਹੱਥਾਂ 'ਚ ਅਰਜ਼ੀਆਂ ਫੜੀਆਂ ਸਨ ਕਿ ਮੌਕੇ 'ਤੇ ਕੰਮ ਕਰਵਾ ਲਿਆ ਜਾਵੇਗਾ।
ਜੂਨ ਮਹੀਨੇ ਦੀ ਗਰਮੀ 'ਚ ਇਕ-ਦੋ ਮੀਡੀਆ ਵਾਲੇ ਵੀ ਪਹੁੰਚ ਗਏ। ਇੰਨੇ ਨੂੰ ਐਂਬੂਲੈਂਸ ਦਾ ਹੂਟਰ ਵਜਿਆ, ਸੁਰੱਖਿਆ ਦੀ ਪਾਇਲਟ ਗੱਡੀ ਆਈ। ਭਾਜਪਾ-ਅਕਾਲੀ ਆਗੂ ਚੌਕੰਨੇ ਹੋ ਗਏ। ਵੱਡੀ ਗੱਡੀ ਅੰਦਰੋਂ ਅਮਿਤ ਸ਼ਾਹ ਨਿਕਲੇ। ਚੰਡੀਗੜ੍ਹ ਪੁਲਿਸ ਕਰਮੀਆਂ ਨੂੰ ਪੁਛਿਆ, ''ਕਿਥੇ ਐ ਚੀਫ਼ ਮਨਿਸਟਰ?'' ਅੱਗੋਂ ਤੁਰੰਤ ਜਵਾਬ ਮਿਲਿਆ, ''ਸਰਦਾਰ ਪਰਕਾਸ਼ ਸਿੰਘ ਬਾਦਲ ਵੀ ਆ ਰਹੇ ਹਨ, ਉਨ੍ਹਾਂ ਦੇ ਬੇਟੇ ਉਪ ਮੁੱਖ ਮੰਤਰੀ ਤੇ ਸਾਲਾ ਸਾਹਿਬ ਬਿਕਰਮ ਮਜੀਠੀਆ ਵੀ ਜ਼ੈੱਡ ਸੁਰੱਖਿਆ ਦੇ ਘੇਰੇ 'ਚ ਹਨ।''
ਨਾਲ ਖੜੇ ਇਕ ਮਸਖ਼ਰੇ ਨੇ ਸ਼ੁਗਲ ਕੀਤਾ, ''ਭਾਵੇਂ ਇਨ੍ਹਾਂ ਨੂੰ ਪੰਜਾਬ 'ਚੋਂ ਹਾਰੇ ਹੋਏ 18 ਮਹੀਨੇ ਹੋ ਗਏ ਨੇ ਪਰ ਰੋਹਬ-ਦਾਬ ਤੇ ਸਰਕਾਰ 'ਚ ਕੰਮ ਕਰਾਉਣ, ਪੁਲਿਸ ਡੀ.ਜੀ.ਪੀ. ਨਾਲ ਫ਼ੋਨ 'ਤੇ ਗੱਲ ਕਰਨ ਤੇ ਸਿੱਖ ਮਸਲਿਆਂ 'ਤੇ ਰਾਇ ਦੇਣ ਜਾਂ ਪ੍ਰਤੀਕਿਰਿਆ ਨਸ਼ਰ ਕਰਨ 'ਚ ਅਜੇ ਵੀ ਵੱਡੇ ਬਾਦਲ ਇਕ ਮੁੱਖ ਮੰਤਰੀ ਦੀ ਤਰ੍ਹਾਂ ਹੀ ਵਿਵਹਾਰ ਕਰਦੇ ਹਨ।
ਸੈਕਟਰ-28 ਦੇ ਅਕਾਲੀ ਦਲ ਦੇ ਹੈੱਡ ਆਫ਼ਿਸ 'ਚ ਵੀ ਹਰ ਮਹੀਨੇ ਦੀ 1 ਤੇ 2 ਤਰੀਕ ਅਤੇ 16 ਤੇ 17 ਤਰੀਕ ਨੂੰ ਸ. ਪਰਕਾਸ਼ ਸਿੰਘ ਬਾਦਲ ਪੁਰਾਣੀ ਸੰਗਤ ਦਰਸ਼ਨ ਦੀ ਰਵਾਇਤ ਨੂੰ ਕਾਇਮ ਰਖਦੇ ਹੋਏ ਪੰਜਾਬ ਦੇ ਕਈ ਹਿੱਸਿਆਂ ਤੋਂ ਪਹੁੰਚੇ ਪੀੜਤ ਵਿਅਕਤੀਆਂ, ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ, ਦੇ ਮਸਲੇ ਸੁਣਦੇ ਹਨ। ਕਈ ਵਾਰੀ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਵੀ ਫ਼ੋਨ 'ਤੇ ਬੇਨਤੀ ਕਰਦੇ ਰਹਿੰਦੇ ਹਨ। ਸੀਨੀਅਰ ਅਕਾਲੀ ਨੇਤਾਵਾਂ ਦੇ ਮਨਾਂ 'ਚ ਅਜੇ ਵੀ ਸ. ਪਰਕਾਸ਼ ਸਿੰਘ ਬਾਦਲ ਦਾ ਰੁਤਬਾ ਤੇ ਅਕਸ 'ਮੁੱਖ ਮੰਤਰੀ' ਵਾਲਾ ਹੀ ਬਣਿਆ ਹੋਇਆ ਹੈ। - ਜੀ.ਸੀ. ਭਾਰਦਵਾਜ, ਚੰਡੀਗੜ੍ਹ