
ਥਰਮਲ ਪਲਾਂਟ ਨੂੰ ਮੁੜ ਚਲਾਉਣ ਲਈ ਵਿੱਢਿਆ ਜਾਵੇਗਾ ਸੰਘਰਸ਼
ਬਠਿੰਡਾ : ਕੇਂਦਰ ਸਰਕਾਰ ਵਲੋਂ ਪਿਛਲੇ ਦਿਨੀਂ ਖੇਤੀ ਸੁਧਾਰਾਂ ਸਬੰਧੀ ਜਾਰੀ ਤਿੰਨ ਆਰਡੀਨੈਂਸਾਂ 'ਤੇ ਵਿਰੋਧੀ ਧਿਰਾਂ ਵਲੋਂ ਅਕਾਲੀ ਦਲ 'ਤੇ ਕੀਤੇ ਜਾ ਰਹੇ ਸਿਆਸੀ ਹਮਲਿਆਂ ਦੌਰਾਨ ਅੱਜ ਪਹਿਲੀ ਵਾਰ ਸਫ਼ਾਈ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ ''ਆਰਡੀਨੈਸਾਂ ਵਿਚ ਜਾਰੀ ਇਕ-ਇਕ ਸ਼ਬਦ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਹਿਲਾਂ ਹੀ 2017 ਦੇ ਬਿੱਲ ਰਾਹੀ ਪੰਜਾਬ ਵਿਚ ਲਾਗੂ ਕਰ ਚੁੱਕੇ ਹਨ।''
Harsimrat Badal
ਅੱਜ ਸਥਾਨਕ ਸਬਜੀ ਮੰਡੀ 'ਚ ਅਚਾਨਕ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੀ ਬੀਬੀ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਕੋਈ ਵੀ ਵਾਅਦਾ ਪੂਰਾ ਕਰਨ ਤੋਂ ਅਸਮਰੱਥ ਕਾਂਗਰਸ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਮੁੱਦੇ ਨੂੰ ਉਛਾਲ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਖ਼ਤਮ ਨਹੀਂ ਹੋਣ ਦੇਵੇਗਾ, ਜਦਕਿ ਪ੍ਰਧਾਨ ਮੰਤਰੀ ਸਹਿਤ ਕਈ ਕੇਂਦਰੀ ਮੰਤਰੀਆਂ ਅਤੇ ਪ੍ਰਧਾਨ ਇਸ ਮੁੱਦੇ 'ਤੇ ਪਹਿਲਾਂ ਹੀ ਸਫ਼ਾਈ ਦੇ ਚੁੱਕੇ ਹਨ।
Capt Amrinder Singh
ਬੀਤੇ ਕੱਲ ਇਸ ਮੁੱਦੇ 'ਤੇ ਮੁੱਖ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਮੀਟਿੰਗ 'ਤੇ ਟਿਪਣੀ ਕਰਦਿਆਂ ਬੀਬੀ ਬਾਦਲ ਨੇ ਅਸਿੱਧੇ ਢੰਗ ਨਾਲ ਕਿਸਾਨ ਆਗੂਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਮੀਟਿੰਗ 'ਚ ਬਠਿੰਡਾ ਥਰਮਲ ਅੱਗੇ ਜਾਨ ਦੇਣ ਵਾਲੇ ਕਿਸਾਨ ਦਾ ਮੁੱਦਾ ਉਠੇਗਾ ਤੇ ਨਾਲ ਹੀ ਕਰਜ਼ਾ ਮੁਆਫ਼ੀ ਦੀ ਗੱਲ ਹੋਵੇਗੀ , ਪ੍ਰੰਤੂ ਅਫ਼ਸੋਸ ਅਜਿਹਾ ਨਹੀਂ ਹੋਇਆਾ। ਥਰਮਲ ਪਲਾਂਟ ਨੂੰ ਮੁੜ ਚਲਾਉਣ ਦੇ ਮੁੱਦੇ 'ਤੇ ਜਾਨ ਦੇਣ ਵਾਲੇ ਕਿਸਾਨ ਦੀ ਕੁਰਬਾਨੀ ਨੂੰ ਅਜਾਂਈ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਲਾਂਟ ਇਕੱਲਾ ਬਠਿੰਡਾ ਦੀ ਸ਼ਾਨ ਹੀ ਨਹੀਂ, ਬਲਕਿ ਬਾਬੇ ਨਾਨਕ ਦੇ ਨਾਮ 'ਤੇ ਚੱਲ ਰਹੇ ਇਸ ਪਲਾਂਟ ਦੀ ਹੋਂਦ ਖ਼ਤਮ ਕਰ ਕੇ ਇਸ ਦੀ ਬਹੁਕਰੋੜੀ ਜਮੀਨ 'ਤੇ ਅੱਖ ਰੱਖੀ ਹੋਈ ਹੈ।
Harsimrat Badal
ਬੀਬੀ ਬਾਦਲ ਨੇ ਅਸਿੱਧੇ ਢੰਗ ਨਾਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਸਬਦੀ ਤੀਰ ਚਲਾਉਂਦਿਆਂ ਕਿਹਾ ਕਿ ਜਿਹੜੇ ਪੰਜਾਬ 'ਚ ਹਰ ਮਹੀਨੇ ਇੱਕ ਉਦਯੋਗ ਲਿਆਉਣ ਦਾ ਐਲਾਨ ਕਰਦੇ ਨਹੀਂ ਥੱਕਦੇ ਸਨ, ਹੁਣ ਉਨ੍ਹਾਂ ਥਰਮਲ ਨੂੰ ਵੀ ਬੰਦ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਇਸ ਥਰਮਲ ਨੂੰ ਤੋੜਨ ਨਹੀਂ ਦਿਤਾ ਜਾਵੇਗਾ, ਚਾਹੇ ਅਕਾਲੀ ਦਲ ਨੂੰ ਕਿੱਡਾ ਵੱਡਾ ਸੰਘਰਸ਼ ਕਿਉਂ ਨਾ ਕਰਨਾ ਪਏ। ਰਿਸ਼ਤੇ ਵਿਚ ਮਨਪ੍ਰੀਤ ਦੀ ਭਰਜਾਈ ਲਗਦੀ ਬੀਬੀ ਬਾਦਲ ਨੇ ਵਿਤ ਮੰਤਰੀ ਦੇ ਪਰਵਾਰਕ ਮੈਂਬਰਾਂ 'ਤੇ ਵੀ ਨਿਸ਼ਾਨੇ ਵਿੰਨਦਿਆਂ ਦੋਸ਼ ਲਗਾਏ ਕਿ ਬਠਿੰਡਾ 'ਚ ਲੀਡਰਾਂ ਦੇ ਪਰਵਾਰਾਂ ਵਲੋਂ ਲੋਕਾਂ 'ਤੇ ਟੈਕਸ ਲਗਾਏ ਜਾ ਰਹੇ ਹਨ ਅਤੇ ਹੁਣ ਰੇਹੜੀ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕ ਪਹਿਲਾਂ ਲੋਕ ਸਭਾ ਸਭਾ ਚੋਣਾਂ ਵਿਚ ਵੀ ਇਨ੍ਹਾਂ ਧੱਕੇਸ਼ਾਹੀਆਂ ਦਾ ਜਵਾਬ ਦੇ ਚੁੱਕੇ ਹਨ ਤੇ ਹੁਣ 2022 ਵਿਚ ਵੱਡਾ ਝਟਕਾ ਦੇਣ ਲਈ ਤਿਆਰ ਬੈਠੇ ਹਨ।
Harsimrat Badal
ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਜੁਝਾਰੂ ਵਰਕਰਾਂ ਦੀ ਪਾਰਟੀ ਹੈ ਤੇ ਇਨ੍ਹਾਂ ਨੂੰ ਪਰਚਿਆਂ ਨਾਲ ਨਹੀਂ ਦਬਾਇਆ ਜਾ ਸਕਦਾ। ਇਸ ਮੌਕੇ ਉਨ੍ਹਾਂ ਵਰਕਰਾਂ ਨਾਲ ਕੁੱਝ ਸਮੇਂ ਲਈ ਮੀਟਿੰਗ ਵੀ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬਠਿੰਡਾ ਦੇ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਸੱਤਾਧਾਰੀ ਧਿਰ ਦੇ ਇਸ਼ਾਰੇ 'ਤੇ ਬੀਬੀ ਬਾਦਲ ਦੀ ਮੀਟਿੰਗ ਮੌਕੇ ਬਿਜਲੀ ਸਪਲਾਈ ਬੰਦ ਕਰ ਦਿਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।