
ਫ਼ਿਰਕੂ ਦੰਗੇ ਭੜਕਾਉਣ ਦੀ ਸਾਜ਼ਸ ਘੜ ਰਹੀ ਹੈ ਭਾਜਪਾ : ਰਾਕੇਸ਼ ਟਿਕੈਤ
ਪਿੱਛੇ ਹਟਣਾ ਸਾਡੀ ਡਿਕਸ਼ਨਰੀ ਵਿਚ ਨਹੀਂ ਹੈ
ਗਾਜ਼ੀਪੁਰ, 1 ਜੁਲਾਈ : ਗਾਜ਼ੀਪੁਰ ਸਰਹੱਦ 'ਤੇ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਿਚਾਲੇ ਝੜਪ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਫਿਰਕੂ ਦੰਗੇ ਭੜਕਾਉਣ ਦੀ ਸਾਜ਼ਸ਼ ਘੜ ਰਹੀ ਹੈ | ਬੀਕੇਯੁ ਵਲੋਂ ਜਾਰੀ ਬਿਆਨ ਅਨੁਸਾਰ ਟਿਕੈਤ ਨੇ ਕਿਹਾ ਕਿ ਭਾਜਪਾ ਵਰਕਰਾਂ ਨੇ ਕਿਸਾਨ ਆਗੂਆਂ ਨੂੰ ਕਾਲੇ ਝੰਡੇ ਦਿਖਾਏ ਅਤੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ | ਬਿਆਨ ਵਿਚ ਕਿਹਾ ਗਿਆ ਹੈ ਕਿ ਬਾਲਮੀਕੀ ਸਮਾਜ ਦੇ ਮੈਂਬਰਾਂ ਨੇ ਖੇਤੀ ਕਾਨੂੰਨਾਂ ਸਬੰਧੀ ਵਿਰੋਧ ਪ੍ਰਦਰਸ਼ਨ ਨੂੰ ਅਪਣਾ ਸਮਰਥਨ ਦਿਤਾ ਹੈ |
ਰਾਕੇਸ਼ ਟਿਕੈਤ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਹਨ | ਅਪਣੇ ਪਹਿਲੇ ਟਵੀਟ 'ਚ ਰਾਕੇਸ਼ ਟਿਕੈਤ ਨੇ ਲਿਖਿਆ,''ਇਸ ਸਮੇਂ ਦੇਸ਼ 'ਤੇ ਕੁਝ ਲੋਕਾਂ ਨੇ ਕਬਜ਼ਾ ਕਰ ਲਿਆ ਹੈ | ਇਨ੍ਹਾਂ ਨੂੰ ਦੇਸ਼ ਦੀ ਜਨਤਾ, ਵਪਾਰੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੋਈ ਲੈਣਾ-ਦੇਣਾ ਨਹੀਂ | ਹੈਰਾਨੀ ਦੀ ਗੱਲ ਹੈ ਕਿ ਕਿਸਾਨ ਦੇਸ਼ ਦੀ ਰਾਜਧਾਨੀ ਨੂੰ ਘੇਰ ਕੇ ਬੈਠੇ ਹਨ ਅਤੇ ਸਰਕਾਰ ਗੱਲ ਹੀ ਨਹੀਂ ਕਰ ਰਹੀ | ਕਿਸਾਨ ਵੀ ਪਿੱਛੇ ਨਹੀਂ ਹਟਣਗੇ |''
ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ | ਪਿੱਛੇ ਹਟਣਾ ਸਾਡੀ ਡਿਕਸ਼ਨਰੀ 'ਚ ਨਹੀਂ ਹੈ | ਜਿਸ ਤਰ੍ਹਾਂ ਫ਼ੌਜਾਂ ਮੋਰਚੇ 'ਤੇ ਹੁੰਦੀਆਂ ਹਨ ਤਾਂ ਗੋਲੀਆਂ ਖਾਂਦੀਆਂ ਹਨ, ਉਸੇ ਤਰ੍ਹਾਂ ਅਸੀਂ ਵੀ ਮੋਰਚੇ 'ਤੇ ਹਾਂ ਅਤੇ ਲੜ ਰਹੇ ਹਾਂ | ਇਕ
ਪ੍ਰਤੱਖਦਰਸ਼ੀ ਅਨੁਸਾਰ ਝੜਪ ਉਸ ਸਮੇਂ ਹੋਈ ਜਦੋਂ ਭਾਜਪਾ ਵਰਕਰ ਇਕ ਪੁਲ 'ਤੇ ਜਲੂਸ ਕੱਢ ਰਹੇ ਸਨ, ਜਿਥੇ ਕਿਸਾਨ ਨਵੰਬਰ 2020 ਤੋਂ ਡੇਰਾ ਲਗਾ ਕੇ ਬੈਠੇ ਹਨ | ਕਿਸਾਨਾਂ ਨੇ ਦੋਸ਼ ਲਗਾਇਆ ਕਿ ਇਹ ਘਟਨਾ ਸੱਤ ਮਹੀਨੇ ਪੁਰਾਣੇ ਵਿਰੋਧ ਨੂੰ ਦਬਾਉਣ ਦੀ ਭਾਜਪਾ ਅਤੇ ਆਰਐਸਐਸ ਦੀ ਸਾਜ਼ਸ਼ ਹੈ | ਉਥੇ ਹੀ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੇ ਦਾਅਵਾ ਕੀਤਾ ਕਿ ਜਦੋਂ ਉਹ ਭਾਜਪਾ ਦੇ ਨਵਨਿਯੁਕਤ ਸਕੱਤਰ ਅਮਿਤ ਬਾਲਮੀਕੀ ਦੇ ਸਨਮਾਨ ਵਿਚ ਸਵਾਗਤ ਜਲੂਸ ਕੱਢ ਰਹੇ ਸਨ ਤਾਂ ਉਨ੍ਹਾਂ ਲਈ ਮਾੜੇ ਸ਼ਬਦ ਅਤੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਜਿਸ ਕਾਰਨ ਲੜਾਈ ਹੋਈ | (ਏਜੰਸੀ)