
ਕੈਪਟਨ ਅਮਰਿੰਦਰ ਸਿੰਘ ਨੇ ਹਿੰਦੂ ਕਾਂਗਰਸੀ ਆਗੂਆਂ ਦੇ ਗਿਲੇ ਸ਼ਿਕਵੇ ਸੁਣੇ
ਕਈ ਮੰਤਰੀ, ਸੰਸਦ ਮੈਂਬਰ ਤੇ ਸੀਨੀਅਰ ਆਗੂ ਵੀ ਮੌਜੂਦ ਰਹੇ ਲੰਚ ਮੀਟਿੰਗ ਵਿਚ
ਚੰਡੀਗੜ੍ਹ, 1 ਜੁਲਾਈ (ਗੁਰਉਪਦੇਸ਼ ਭੁੱਲਰ): ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਵਲੋਂ ਰਾਹੁਲ ਤੇ ਪਿ੍ਯੰਕਾ ਗਾਂਧੀ ਨਾਲ ਮੁਲਾਕਾਤ ਬਾਅਦ ਅੱਜ ਚੰਡੀਗੜ੍ਹ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਰਿਹਾਇਸ਼ ਉਪਰ ਲੰਚ 'ਤੇ ਸੱਦ ਕੇ ਪਾਰਟੀ ਦੇ ਹਿੰਦੂ ਆਗੂਆਂ ਦੇ ਗਿਲੇ ਸ਼ਿਕਵੇ ਸੁਣੇ |
ਜ਼ਿਕਰਯੋਗ ਹੈ ਕਿ ਪਾਰਟੀ ਹਾਈਕਮਾਨ ਨੇ 18 ਨੁਕਾਤੀ ਏਜੰਡੇ ਵਿਚ ਸੱਭ ਵਰਗਾਂ ਨੂੰ ਬਣਦੀ ਪ੍ਰਤੀਨਿਧਾ ਦੇਣ 'ਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਵੀ ਕੈਪਟਨ ਨੂੰ ਗੱਲ ਆਖੀ ਹੈ | ਪੰਜਾਬ ਕਾਂਗਰਸ ਵਿਚ ਹਿੰਦੂ ਵਰਗ ਨਾਲ ਜੁੜੇ ਆਗੂ ਅਪਣੇ ਆਪ ਨੂੰ ਨਜ਼ਰ ਅੰਦਾਜ਼ ਮਹਿਸੂਸ ਕਰ ਰਹੇ ਹਨ | ਪਿਛਲੇ ਸਮੇਂ ਵਿਚ ਦੋ ਸਾਬਕਾ ਵਿਧਾਇਕ ਹੰਸ ਰਾਜ ਜੋਸ਼ਨ ਅਤੇ ਮਹਿੰਦਰ ਕੁਮਾਰ ਰਿਣਵਾ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਜਾ ਚੁੱਕੇ ਹਨ | ਇਕ ਹੋਰ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਪਿਛਲੇ ਦਿਨੀਂ ਅਕਾਲੀ ਦਲ ਵੱਲ ਜਾ ਰਹੇ ਸਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਖ਼ਰੀ ਸਮੇਂ 'ਤੇ ਰੋਕ ਲਿਆ |
ਜ਼ਿਕਰਯੋਗ ਹੈ ਕਿ ਅੱਜ ਕੈਪਟਨ ਦੀ ਲੰਚ ਮੀਟਿੰਗ ਵਿਚ ਸੇਖੜੀ ਵੀ ਪਹੁੰਚੇ ਸਨ | ਇਸ ਤੋਂ ਇਲਾਵਾ ਸਾਬਕਾ ਵਿਧਾਇਕਾਂ ਤੇ ਹੋਰ ਪ੍ਰਮੁੱਖ ਹਿੰਦੂ ਕਾਂਗਰਸ ਆਗੂਆਂ ਨੂੰ ਸੱਦਿਆ ਗਿਆ ਸੀ | ਹਿੰਦੂ ਵਰਗ ਨਾਲ ਸਬੰਧਤ ਪੰਜ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ, ਵਿਜੈ ਇੰਦਰ ਸਿੰਗਲਾ, ਓ.ਪੀ. ਸੋਨੀ ਅਤੇ ਭਾਰਤ ਭੂਸ਼ਨ ਆਸ਼ੂ ਸ਼ਾਮਲ ਸਨ | ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ, ਮੰਤਰੀ ਰਾਣਾ ਗੁਰਮੀਤ ਸੋਢੀ, ਮਨਪ੍ਰੀਤ ਬਾਦਲ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾੜੀ, ਗੁਰਜੀਤ ਔਜਲਾ ਤੇ ਮੁਹੰਮਦ ਸਦੀਕ ਵੀ ਲੰਚ ਮੌਕੇ ਪਹੁੰਚੇ | ਭਾਵੇਂ ਇਸ ਮੀਟਿੰਗ ਨੂੰ 2022 ਦੀਆਂ ਚੋਣਾਂ ਦੀ ਰਣਨੀਤੀ 'ਤੇ ਚਰਚਾ ਨਾਲ ਸਬੰਧਤ ਦਸਿਆ ਗਿਆ ਹੈ ਪਰ ਸੂਤਰਾਂ ਅਨੁਸਾਰ ਹਿੰਦੂ ਕਾਂਗਰਸ ਆਗੂਆਂ ਦੇ ਗਿਲੇ ਸ਼ਿਕਵੇ ਸੁਣ ਕੇ ਮੌਕੇ 'ਤੇ ਹੀ ਕਈ ਮਾਮਲੇ ਨਿਪਟਾਏ ਗਏ | ਉਚ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ | ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਨਰਾਜ਼ ਗਰੁਪ ਦੇ ਮੰਤਰੀਆਂ ਤੇ ਕੁੱਝ ਵਿਧਾਇਕਾਂ ਨੇ ਅੱਜ ਵੀ ਗੁਪਤ ਮੀਟਿੰਗ ਕੀਤੀ |