
ਭਾਰਤ ਕੋਰੋਨਾ ਤੋਂ ਜਿੱਤੇਗਾ, ਵਿਕਾਸ ਦੇ ਨਵੇਂ ਟੀਚੇ ਵੀ ਹਾਸਲ ਕਰੇਗਾ
ਨਵੀਂ ਦਿੱਲੀ, 1 ਜੁਲਾਈ : ਰਾਸ਼ਟਰੀ ਡਾਕਟਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਭਰ ਦੇ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਰਤੀ ਨੇ ਕਿਹਾ ਕਿ ਕੋਰੋਨਾ ਵਿਰੁਧ ਜੰਗ ਵਿਚ ਜਿਨੀਆਂ ਵੀ ਚੁਣੌਤੀਆਂ ਆਈਆਂ, ਦੇਸ਼ ਦੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਉਨੇ ਹੀ ਹਲ ਲੱਭੇ ਅਤੇ ਪ੍ਰਭਾਵੀ ਦਵਾਈਆਂ ਬਣਾਈਆਂ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਉਂਦਿਆਂ ਕਿਹਾ,‘‘ਸਾਡਾ ਦੇਸ਼ ਕੋਰੋਨਾ ਤੋਂ ਜਿੱਤੇਗਾ ਅਤੇ ਵਿਕਾਸ ਦੇ ਨਵੇਂ ਟੀਚੇ ਵੀ ਹਾਸਲ ਕਰੇਗਾ।’’ ਉਨ੍ਹਾਂ ਸਿਹਤ ਕਾਮਿਆਂ ਨੂੰ ਕੋਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਟੀਕਾਕਰਨ ਅਭਿਆਨ ਵਿਚ ਹੋਰ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਕੋਰੋਨਾ ਦੌਰਾਨ ਸਾਡੇ ਡਾਕਟਰਾਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕੀਤੀ ਹੈ, ਉਹ ਅਪਣੇ ਆਪ ਵਿਚ ਇਕ ਪ੍ਰੇਰਨਾ ਹੈ। ਮੈਂ 130 ਕਰੋੜ ਭਾਰਤੀਆਂ ਵਲੋਂ ਸਾਰੇ ਡਾਕਟਰਾਂ ਦਾ ਧਨਵਾਦ ਕਰਦਾ ਹਾਂ। ਮੋਦੀ ਨੇ ਕਿਹਾ ਕਿ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕੋਰੋਨਾ ਵਿਰੁਧ ਇਕ ਵੱਡੀ ਲੜਾਈ ਲੜ ਰਿਹਾ ਹੈ। ਇਸ ਦੌਰਾਨ ਡਾਕਟਰਾਂ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ, ਕਈ ਡਾਕਟਰਾਂ ਨੇ ਇਸ ਦੌਰਾਨ ਅਪਣਾ ਬਲੀਦਾਨ ਵੀ ਦਿਤਾ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਸਾਡੀ ਸਰਕਾਰ ਨੇ ਸਿਹਤ ਸੇਵਾ ਨੂੰ ਸਰਵਉੱਚ ਪਹਿਲ ਦਿਤੀ ਹੈ। ਅਪਣੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦਸਦੇ ਹੋਏ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਅਸੀਂ ਅਪਣੇ ਸਿਹਤ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਈ 15 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਸਨ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਾਡੇ ਡਾਕਟਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ। (ਏਜੰਸੀ)