
ਕਾਂਗਰਸ ਨੇ ਰਾਮਦੇਵ ਦੀ ਮਲਕੀਤਅਤ ਵਾਲੀ ਕੰਪਨੀ ਨੂੰ ਕਰਜ਼ਾ ਦੇਣ ’ਤੇ ਕੇਂਦਰ ਤੋਂ ਜਵਾਬ ਮੰਗਿਆ
ਨਵੀਂ ਦਿੱਲੀ, 1 ਜੁਲਾਈ : ਕਾਂਗਰਸ ਨੇ ਬੁਧਵਾਰ ਨੂੰ ਸਰਕਾਰ ’ਤੇ ਪੂੰਜੀਵਾਦ ਨੂੰ ਵਧਾਵਾ ਦੇਣ ਦਾ ਦੋਸ਼ ਲਗਾਉਂਦੇ ਹੋਏ ਤੇ ਹੋਰ ਕੰਪਨੀਆਂ ਦੀ ਵਿੱਤੀ ਸਥਿਤੀ ਖ਼ਰਾਬ ਹੋਣ ਦੇ ਬਾਵਜੂਦ ਬਾਬਾ ਰਾਮਦੇਵ ਦੀ ਮਲਕੀਤੀ ਵਾਲੀ ਰੂਚੀ ਸੋਇਆ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਕਿਉਂ ਦਿਤਾ ਗਿਆ? ਇਸ ’ਤੇ ਜਵਾਬ ਮੰਗਿਆ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਦੋਸ਼ ਲਗਾਇਆ ਕਿ ਇਸ ਸਰਕਾਰ ਤੋਂ ਪੂੰਜੀਵਾਦ ਦਾ ਤਮਗ਼ਾ ਲਹਿੰਦਾ ਨਹੀਂ ਦਿਸਦਾ ਅਤੇ ਇਸ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,‘‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਅਪਣੇ ਪੂੰਜੀਵਾਦੀ ਮਿੱਤਰਾਂ ਨੂੰ ਮਦਦ ਅਤੇ ਸਮਰਥਨ ਜਾਰੀ ਰੱਖ ਰਹੀ ਹੈ।’’ ਖੇੜਾ ਨੇ ਦੋਸ਼ ਲਗਾਇਆ ਕਿ ਰੂਚੀ ਸੋਇਆ ਨੇ ਭਾਰਤੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਵਰਗੇ ਜਨਤਕ ਖੇਤਰ ਦੇ ਬੈਂਕਾਂ ਤੋਂ 12,146 ਕਰੋੜ ਦਾ ਕਰਜ਼ਾ ਲੈਣ ਤੋਂ ਬਾਅਦ ਦਿਵਾਲੀਆ ਹੋਣ ਸਬੰਧੀ ਐਲਾਨ ਕੀਤਾ। ਇਹ ਕੰਪਨੀ ਹੁਣ ਰਾਮਦੇਵ ਦੇ ਪਤੰਜਲੀ ਸਮੂਹ ਦੀ ਮਲਕੀਤੀ ਵਿਚ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਰੂਚੀ ਸੋਇਆ ਤੋਂ ਅਪਣੇ ਕਰਜ਼ੇ ਦੀ ਵਸੂਲੀ ਵਿਚ ਅਸਫ਼ਲ ਰਹਿਣ ਤੋਂ ਬਾਅਦ ਐਸਬੀਆਈ ਨੇ ਪਤੰਜਲੀ ਸਮੂਹ ਨੂੰ 3,250 ਕਰੋੜ ਰੁਪਏ ਦੀ ਰਾਸ਼ੀ ਮੁਹਈਆ ਕਰਵਾਈ ਜੋਕਿ ਰੂਚੀ ਸੋਇਆ ਨੂੰ 4,350 ਕਰੋੜ ਰੁਪਏ ਵਿਚ ਖ਼ਰੀਦਣ ਲਈ ਜਨਤਕ ਬੈਂਕਾਂ ਤੋਂ ਉਧਾਰ ਲਈ ਗਈ ਰਾਸ਼ੀ ਦਾ ਇਕ ਵੱਡਾ ਹਿੱਸਾ ਰਹੀ। ਇਨ੍ਹਾਂ ਦੋਸ਼ਾਂ ਨੂੰ ਲੈ ਕੇ ਰਾਮਦੇਵ ਅਤੇ ਕੰਪਨੀ ਵਲੋਂ ਕੋਈ ਪ੍ਰਤੀਕਰਮ ਨਹੀਂ ਮਿਲ ਸਕਿਆ। (ਏਜੰਸੀ)