
ਹਰਦੀਪ ਸਿੰਘ ਡਿਬਡਿਬਾ ਦੀ ਰਹਿਨੁਮਾਈ 'ਚ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ (ਸ਼ਹੀਦਾਂ) ਬਣਾਈ
ਚੰਡੀਗੜ੍ਹ, 1 ਜੁਲਾਈ (ਸੁਰਜੀਤ ਸਿੰਘ ਸੱਤੀ): ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ ਹਿੰਸਾ ਦੌਰਾਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਦੀ ਰਹਿਨੁਮਾਈ ਹੇਠ ਹੁਣ ਕਾਰਪੋਰੇਟ ਭਜਾਉ, ਸਹਿਕਾਰਤਾ ਲਿਆਉ ਦਾ ਨਾਹਰਾ ਲੈ ਕੇ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ (ਸ਼ਹੀਦਾਂ) ਬਣਾਈ ਗਈ ਹੈ | ਇਸ ਦਾ ਐਲਾਨ ਕਰਦਿਆਂ ਸ. ਡਿਬਡਿਬਾ ਨੇ ਕਿਹਾ ਕਿ ਦਿੱਲੀ ਮੋਰਚੇ ਵਿਚ ਨੌਜਵਾਨਾਂ ਨੂੰ ਢੁਕਵੀਂ ਪ੍ਰਤੀਨਿਧਤਾ ਨਹੀਂ ਮਿਲ ਰਹੀ ਜਿਸ ਕਾਰਨ ਉਨ੍ਹਾਂ ਵਿਚ ਨਿਰਾਸ਼ਾ ਹੈ ਤੇ ਉਨ੍ਹਾਂ ਨੂੰ ਪ੍ਰਤੀਨਿਧਤਾ ਦਿਵਾਉਣ ਲਈ ਹੀ ਇਹ ਇਕ ਮੰਚ ਬਣਾਇਆ ਗਿਆ ਹੈ | ਉਨ੍ਹਾਂ ਸਮਾਜ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਹੋਕਾ ਦਿਤਾ ਕਿ ਨੌਜਵਾਨਾਂ ਨੂੰ ਅੱਗੇ ਲਿਆਇਆ ਜਾਵੇ ਤੇ ਪੁਰਾਣੇ ਆਗੂਆਂ ਦੀ ਸੇਧ ਵਿਚ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਦਿਤਾ ਜਾਵੇ |