
ਵਾਈ.ਐਸ. ਮੱਟਾ ਨੂੰ ਡਿਊਟੀ ਦੌਰਾਨ ਬੀਅਰ ਪੀਣ ਲਈ ਪਹਿਲਾਂ ਵੀ ਸੁਣਾਈ ਜਾ ਚੁੱਕੀ ਹੈ ਸਜ਼ਾ
ਚੰਡੀਗੜ੍ਹ : ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਉਪ ਆਬਕਾਰੀ ਅਤੇ ਕਰ ਕਮਿਸ਼ਨਰ ਵਾਈ.ਐਸ. ਮੱਟਾ ਵਲੋਂ ਲਗਾਏ ਟੈਕਸ ਚੋਰੀ ਦੇ ਦੋਸ਼ਾਂ ਨੂੰ ਸਿਰੇ ਨਕਾਰਦਿਆਂ ਇਹਨਾਂ ਨੂੰ ਝੂਠੇ, ਬੇਬੁਨਿਆਦ ਤੇ ਅਪਮਾਨਜਨਕ ਕਰਾਰ ਦਿੱਤਾ ਹੈ। ਉਨਾਂ ਦੱਸਿਆ ਕਿ ਮੱਟਾ ਖੁਦ 5 ਜ਼ਿਲ੍ਹਿਆਂ ਦੇ ਜੁਆਇੰਟ ਡਾਇਰੈਕਟਰ (ਜਾਂਚ) ਬਠਿੰਡਾ ਅਤੇ ਹੋਰ 5 ਜ਼ਿਲਿਆਂ ਦੇ ਡੀ.ਈ.ਟੀ.ਸੀ., ਅੰਮ੍ਰਿਤਸਰ ਵਜੋਂ ਇੰਚਾਰਜ ਰਹੇ ਹਨ। ਜੇਕਰ ਕੋਈ ਟੈਕਸ ਚੋਰੀ ਹੋਈ ਸੀ ਤਾਂ ਉਨਾਂ ਨੇ ਖੁਦ ਇਨਾਂ 10 ਜ਼ਿਲ੍ਹਿਆਂ ਵਿੱਚ ਇੱਕ ਵੀ ਕੇਸ ਕਿਉਂ ਨਹੀਂ ਫੜਿਆ।
ਮੱਟਾ ਦੁਆਰਾ ਆਰਥਿਕ ਇੰਟੈਲੀਜੈਂਸ ਯੂਨਿਟ (ਈਆਈਯੂ) ਨੂੰ ਜੋ ਵੀ ਜਾਣਕਾਰੀ ਦਿੱਤੀ ਗਈ ਸੀ, ਉਸ ਮੁਤਾਬਕ ਸਿਰਫ 3 ਮਾਮਲਿਆਂ ਵਿੱਚ ਤਰੁਟੀਆਂ ਪਾਈਆਂ ਗਈਆਂ ਸਨ। ਮੈਂ ਬਤੌਰ ਈ.ਟੀ.ਸੀ. ਇਹਨਾਂ ਮਾਮਲਿਆਂ ਵਿੱਚ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਹਾਲਾਂਕਿ, ਜਦੋਂ ਇਹਨਾਂ 3 ਡੀਲਰਾਂ ਸਾਹਮਣੇ ਇਹ ਊਣਤਾਈਆਂ ਲਿਆਂਦੀਆਂ ਗਈਆਂ ਤਾਂ ਉਹਨਾਂ ਨੇ ਆਪਣੇ ਖਾਤੇ ਸਬੰਧੀ ਕਿਤਾਬਾਂ ਪੇਸ਼ ਕੀਤੀਆਂ ਜੋ ਇਹ ਦਰਸਾਉਂਦੀਆਂ ਹਨ ਕਿ ਉਹਨਾਂ ਨੇ ਆਪਣੀਆਂ ਕਿਤਾਬਾਂ ਵਿੱਚ ਦਰਾਮਦ ਨੂੰ ਪੂਰੀ ਤਰਾਂ ਦਰਜ ਕੀਤਾ ਹੈ। ਇਸ ਲਈ, ਸਬੰਧਤ ਟੈਕਸ ਅਫਸਰਾਂ ਨੇ ਸਿੱਟਾ ਕੱਢਿਆ ਕਿ ਟੈਕਸ ਦੀ ਕੋਈ ਚੋਰੀ ਨਹੀਂ ਕੀਤੀ ਗਈ ਸੀ।
TAX
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ, ਸ੍ਰੀ ਵਰਮਾ ਨੇ ਕਿਹਾ ਕਿ ਉਨਾਂ ਨੂੰ ਸੌਂਪੀ ਗਈ ਰਿਪੋਰਟ ਅਨੁਸਾਰ, ਮੱਟਾ ਦੁਆਰਾ ਲਿਆਂਦੇ ਗਏ ਡੇਟਾ ਦਾ ਪੱਧਰ ਬਹੁਤ ਮਾੜਾ ਸੀ ਅਤੇ ਇਸ ਵਿੱਚ ਜ਼ਿਆਦਾਤਰ ਟੈਕਸਾਂ ਸਬੰਧੀ ਸ਼ਿਕਾਇਤ ਕਰਨ ਵਾਲੀਆਂ ਫਰਮਾਂ / ਸੰਸਥਾਵਾਂ ਜਿਵੇਂ ਟਿ੍ਰਬਿਊਨ ਟਰੱਸਟ, ਹਿੰਦ ਸਮਾਚਾਰ ਸਮੂਹ, ਰੋਜ਼ਾਨਾ ਅਜੀਤ, ਵਰਧਮਾਨ, ਹੀਰੋ ਸਾਈਕਲ ਆਦਿ ਦਾ ਡੇਟਾ ਸ਼ਾਮਲ ਸੀ।
ਹੋਰ ਜਾਣਕਾਰੀ ਦਿੰਦਿਆਂ ਵਰਮਾ ਨੇ ਕਿਹਾ ਕਿ ਉਨਾਂ ਦੇ ਵਿਭਾਗ ਨੇ ਮੱਟਾ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਦੀ ਤਸਦੀਕ ਕਰਨ ਲਈ ਇੱਕ ਵੱਡੇ ਪੱਧਰ ਦੀ ਕਵਾਇਦ ਆਰੰਭੀ ਅਤੇ ਪਤਾ ਲੱਗਿਆ ਹੈ ਕਿ 44,000 ਕਰੋੜ ਰੁਪਏ ਦੀਆਂ ਵਸਤਾਂ ਵਿੱਚੋਂ 43,900 ਕਰੋੜ ਰੁਪਏ ਡੀਲਰਾਂ ਨੇ ਆਪਣੀਆਂ ਕਿਤਾਬਾਂ ਵਿੱਚ ਦਰਜ ਕੀਤੇ ਸਨ। ਸਿਰਫ 95 ਕਰੋੜ ਰੁਪਏ ਦਾ ਫਰਕ ਨਿੱਕਿਲਆ ਜਿਸਦੀ ਦੀ ਵੱਧ ਤੋਂ ਵੱਧ ਸੰਭਵ ਟੈਕਸ ਦੇਣਦਾਰੀ 5 ਕਰੋੜ ਰੁਪਏ ਬਣਦੀ ਹੈ, ਜੋ ਬਕਾਇਆ ਹੈ ਅਤੇ ਇਸਦੀ ਦੀ ਪੜਤਾਲ ਚੱਲ ਰਹੀ ਸੀ।
TAx
ਆਬਕਾਰੀ ਤੇ ਕਰ ਵਿਭਾਗ ਨੇ ਅਦਾਲਤ ਵਿੱਚ ਹਲਫਨਾਮਾ ਦਾਇਰ ਕਰਕੇ ਇਨਾਂ ਤੱਥਾਂ ਨੂੰ ਬਿਆਨ ਕਰਦਿਆਂ ਕਿਹਾ ਹੈ ਕਿ ਮੱਟਾ ਨੇ ਵਿਭਾਗ ਦਾ ਸਮਾਂ ਬਰਬਾਦ ਕੀਤਾ ਹੈ ਅਤੇ ਇਸ ਲਈ ਮੱਟਾ ਨੂੰ ਇਸਦਾ ਭਾਰੀ ਖਾਮਿਆਜਾਂ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਵਿਭਾਗ ਅਤੇ ਮੇਰੇ ਵੱਲੋਂ ਦਾਇਰ ਕੀਤੇ ਗਏ ਹਲਫਨਾਮੇ ਹੇਠਾਂ ਸਾਂਝੇ ਕੀਤੇ ਗਏ ਹਨ। ਇਹ ਹਲਫਨਾਮਾ ਦਾਇਰ ਹੋਣ ਤੋਂ ਬਾਅਦ, ਮੱਟਾ ਦਲੀਲਾਂ ਤੋਂ ਭੱਜ ਰਿਹਾ ਹੈ ਅਤੇ 2 ਵਾਰ ਤਾਰੀਕਾਂ ਲੈ ਚੁੱਕਾ ਹੈ।
ਆਬਕਾਰੀ ਵਿਭਾਗ ਨੇ ਆਪਣੇ ਹਲਫਨਾਮੇ ਵਿੱਚ ਇਹ ਵੀ ਕਿਹਾ ਹੈ ਕਿ ਦਰਾਮਦਕਾਰਾਂ ਨੂੰ ਆਯਾਤ ਡਿਊਟੀ ਦਾ ਸੇਨਵੈਟ ਕ੍ਰੈਡਿਟ ਮਿਲਦਾ ਹੈ ਅਤੇ ਇਸ ਲਈ ਇਹਨਾਂ ਦਰਾਮਦਾਂ ਨੂੰ ਉਹਨਾਂ ਦੀਆਂ ਖਾਤਾ ਕਿਤਾਬਾਂ ਤੋਂ ਬਾਹਰ ਰੱਖਣ ਦੀ ਕੋਈ ਵਜਾਅ ਨਹੀਂ ਸੀ।
Income Tax
ਜ਼ਿਕਰਯੋਗ ਹੈ ਕਿ ਮੱਟਾ ਨੂੰ ਪਿਛਲੇ ਸਮੇਂ ਦੌਰਾਨ ਡਿਊਟੀ ਦੌਰਾਨ ਬੀਅਰ ਪੀਣ ਲਈ ‘ ਨਿਖੇਧੀ’ ਦੀ ਸਜ਼ਾ ਸੁਣਾਈ ਗਈ ਸੀ ਜੋ ਕਿ ਪੰਜਾਬ ਸਰਕਾਰ ਕਰਮਚਾਰੀ (ਆਚਾਰ-ਵਿਹਾਰ ਨਿਯਮ), 1966 ਦੇ ਨਿਯਮ 22 ਦੀ ਉਲੰਘਣਾ ਹੈ। ਵਰਮਾ ਨੇ ਕਿਹਾ ਕਿ ਉਹ, ਅਜਿਹੇ ਝੂਠੇ ਦੋਸ਼ ਲਾਉਣ ਵਾਲਿਆਂ ਅਤੇ ਉਨਾਂ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ।