ਕੈਪਟਨ ਸਾਬ੍ਹ ਤੁਸੀਂਂ ਅਕਾਲੀਆਂ ਦੇ ਰਾਜ ਵੇਲੇ ਅਕਾਲੀਆਂ ਨਾਲ ਸੀ। ਹੁਣ ਭਾਜਪਾ ਦੇ ਰਾਜ ਵੇਲੇ ਤੁਸੀਂ ਭਾਜਪਾ ਨਾਲ ਹੋ
ਚੰਡੀਗੜ੍ਹ - ਮੁੱਖ ਮੰਤਰੀ ਦੇ ਮੁਖ਼ਤਾਰ ਅੰਸਾਰੀ ਵਾਲੇ ਟਵੀਟ ਨੂੰ ਲੈ ਕੇ ਹੁਣ ਸਿਆਸਤ ਭਖ ਗਈ ਹੈ। ਸੁਖਜਿੰਦਰ ਰੰਧਾਵਾ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੀਐੱਮ ਮਾਨ ਦੇ ਟਵੀਟ ਦਾ ਜਵਾਬ ਦਿੱਤਾ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਫਿਰ ਟਵੀਟ ਕਰ ਕੇ ਕੈਪਟਨ ਅਮਰਿੰਦਰ ਨੂੰ ਜਵਾਬ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ ''ਸ਼੍ਰੀਮਾਨ ਭਗਵੰਤ ਮਾਨ ਜੀ ਅਜਿਹੇ ਬੇਤੁਕੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਸਿੱਖੋ, ਜੋ ਸਿਰਫ਼ ਪ੍ਰਸ਼ਾਸਨ ਦੀ ਪ੍ਰਕਿਰਿਆ ਬਾਰੇ ਤੁਹਾਡੀ ਅਗਿਆਨਤਾ ਨੂੰ ਉਜਾਗਰ ਕਰ ਰਹੇ ਹਨ। ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਅਤੇ ਜਾਂਚ ਲਈ ਕਾਨੂੰਨੀ ਪ੍ਰਕਿਰਿਆ ਤਹਿਤ ਇੱਥੇ ਨਜ਼ਰਬੰਦ ਕੀਤਾ ਗਿਆ ਸੀ, ਇਸ ਸਭ ਵਿੱਚ ਮੁੱਖ ਮੰਤਰੀ ਜਾਂ ਜੇਲ੍ਹ ਮੰਤਰੀ ਕਿੱਥੋਂ ਆਉਂਦੇ ਹਨ?''
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਕੈਪਟਨ ਅਮਰਿੰਦਰ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਕਿ ''ਕੈਪਟਨ ਸਾਬ੍ਹ ਮੈਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਰਖਵਾਲੀ ਕਰ ਰਿਹਾ ਹਾਂ। ਤੁਸੀਂ ਮੈਨੂੰ ਅਗਿਆਨੀ ਕਹਿ ਰਹੇ ਹੋ, ਕੈਪਟਨ ਸਾਬ੍ਹ ਮੁਗਲਾਂ ਦੇ ਰਾਜ ਵੇਲੇ ਤੁਸੀਂ ਮੁਗਲਾਂ ਨਾਲ ਸੀ, ਅੰਗਰੇਜ਼ਾਂ ਦੇ ਰਾਜ ਵੇਲੇ ਤੁਸੀਂ ਅੰਗਰੇਜ਼ਾਂ ਨਾਲ ਸੀ, ਕਾਂਗਰਸ ਦੇ ਰਾਜ ਵੇਲੇ ਤੁਸੀਂ ਕਾਂਗਰਸ ਨਾਲ ਸੀ। ਅਕਾਲੀਆਂ ਦੇ ਰਾਜ ਵੇਲੇ ਤੁਸੀਂ ਅਕਾਲੀਆਂ ਨਾਲ ਸੀ। ਹੁਣ ਭਾਜਪਾ ਦੇ ਰਾਜ ਵੇਲੇ ਤੁਸੀਂ ਭਾਜਪਾ ਨਾਲ ਹੋ, ਤੁਹਾਡੀਆਂ ਸਿਆਣਪਾਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ''।