
ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਵੀ ਲੋਕ ਸਭਾ ਸਪੀਕਰ ਨੂੰ ਮਿਲਣ ਲਈ ਮੰਗਿਆ ਸਮਾਂ
Punjab News: ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ (Amritpal Singh) ਜਲਦ ਹੀ ਸਾਂਸਦ ਵਜੋਂ ਸਹੁੰ ਚੁੁੱਕ ਸਕਦੇ ਹਨ। ਇਸ ਦੇ ਲਈ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ।
ਦਰਅਸਲ, ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਪਰਿਵਾਰ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਅਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ ਵਿੱਚ ਨੈਸ਼ਨਲ ਸਕਿਉਰਿਟੀ ਐਕਟ (NSA) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਲਈ ਪੈਰੋਲ ਲਈ ਅੰਮ੍ਰਿਤਸਰ ਦੇ ਡੀਸੀ ਨੂੰ ਅਰਜ਼ੀ ਦਿੱਤੀ ਗਈ ਸੀ।
ਜਿਸ ਤੋਂ ਬਾਅਦ ਇਹ ਅਰਜ਼ੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ, ਜਿਨ੍ਹਾਂ ਨੇ ਇਸ 'ਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਲੋਕ ਸਭਾ ਸਪੀਕਰ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਵੱਲੋਂ ਅਰਜ਼ੀ ਭੇਜ ਤੋਂ ਬਾਅਦ ਉਨ੍ਹਾਂ ਨੇ ਸਪੀਕਰ ਤੋਂ ਕੱਲ੍ਹ ਹੀ ਸਮਾਂ ਮੰਗਿਆ ਹੈ।
60 ਦਿਨਾਂ ਦੇ ਅੰਦਰ ਚੁੱਕਣੀ ਹੁੰਦੀ ਹੈ ਸਹੁੰ
ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਚੁਣੇ ਗਏ ਸੰਸਦ ਮੈਂਬਰ ਕੋਲ ਸਹੁੰ ਚੁੱਕਣ ਲਈ 60 ਦਿਨ ਹੁੰਦੇ ਹਨ। ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ, ਲੋਕ ਸਭਾ ਸਪੀਕਰ ਨੇ ਅਜੇ ਤੱਕ ਅਰਜ਼ੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਲੋਕ ਸਭਾ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਸਾਂਸਦ ਦੇ ਤੌਰ 'ਤੇ ਨਾਂ ਅਤੇ ਸਮਾਂ ਮਿਲਣ ਦੇ ਆਦੇਸ਼ ਬਾਅਦ ਉਨ੍ਹਾਂ ਨੂੰ ਨਿਰਧਾਰਤ ਸਮੇਂ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅੰਮ੍ਰਿਤਪਾਲ ਨੂੰ ਇੱਕ ਹਫ਼ਤੇ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ। ਉਹ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ ਦੀ ਐਨ.ਐਸ.ਏ. ਦੀ ਮਿਆਦ ਇੱਕ ਸਾਲ ਲਈ 23 ਅਪ੍ਰੈਲ 2025 ਤੱਕ ਵਧਾ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੇ ਅਜੇ ਤੱਕ ਸੰਸਦ ਮੈਂਬਰ ਦੀ ਸਹੁੰ ਨਹੀਂ ਚੁੱਕੀ ਹੈ। ਪੰਜਾਬ ਦੇ ਹੋਰ 12 ਸੰਸਦ ਮੈਂਬਰਾਂ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਹੈ।