
8 ਆਧੁਨਿਕ ਹਥਿਆਰ, 1 ਕਿਲੋ ਹੈਰੋਇਨ ਤੇ ਡਰੱਗ ਮਨੀ ਕੀਤੀ ਬਰਾਮਦ
ਚੰਡੀਗੜ੍ਹ/ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਖੁਫੀਆ ਕਾਰਵਾਈ ਤਹਿਤ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼ ਕਰਦਿਆਂ ਇਸ ਮਾਡਿਊਲ ਦੇ ਤਿੰਨ ਕਾਰਕੁਨਾਂ ਨੂੰ ਅੱਠ ਆਧੁਨਿਕ ਹਥਿਆਰਾਂ, 1 ਕਿਲੋ ਹੈਰੋਇਨ ਅਤੇ 2.9 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।
ਗ੍ਰਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਸਾਂਕੇ ਦੇ ਵਸਨੀਕ ਸਰਬਜੀਤ ਸਿੰਘ, ਫਿਰੋਜ਼ਪੁਰ ਦੇ ਪਿੰਡ ਲੰਗਿਆਣਾ ਦੇ ਵਸਨੀਕ ਕੁਲਵਿੰਦਰ ਸਿੰਘ ਅਤੇ ਰੇਲਵੇ ਰੋਡ , ਤਰਨਤਾਰਨ ਦੇ ਵਸਨੀਕ ਅਸ਼ਮਨਦੀਪ ਸਿੰਘ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ 9ਐਮਐਮ ਗਲੌਕ ਪਿਸਤੌਲ, ਤਿੰਨ .30 ਬੋਰ ਦੇ ਚਾਈਨੀਜ਼ ਪਿਸਤੌਲ ਅਤੇ ਦੋ .30 ਬੋਰ ਦੇ ਪੀਐਕਸ-5 ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਕਰੰਸੀ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਹੈ ਅਤੇ ਇੱਕ ਸਪਲੈਂਡਰ ਮੋਟਰਸਾਈਕਲ (ਪੀਬੀ05-ਏਟੀ-1664), ਜਿਸਦੀ ਵਰਤੋਂ ਉਹ ਖੇਪਾਂ ਦੀ ਢੋਆ-ਢੁਆਈ ਲਈ ਕਰਦੇ ਸਨ, ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਸਥਿਤ ਤਸਕਰ ਸਿਕੰਦਰ ਨੂਰ, ਵਾਸੀ ਮਨੀਹਾਲਾ (ਪਾਕਿਸਤਾਨ) ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ, ਜੋ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਦੀ ਖੇਪਾਂ ਪਹੁੰਚਾਉਂਦਾ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਹਥਿਆਰ ਅੱਗੇ ਗੈਂਗਸਟਰਾਂ ਤੱਕ ਪਹੁੰਚਾਉਂਦੇ ਸਨ।
ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸੀ.ਆਈ. ਅੰਮ੍ਰਿਤਸਰ, ਨੂੰ ਫਿਰੋਜ਼ਪੁਰ ਅਤੇ ਤਰਨਤਾਰਨ ਜਿਲਿ੍ਹਆਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰਾਂ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਹੋਣ ਬਾਰੇ ਪੁਖ਼ਤਾ ਇਤਲਾਹ ਮਿਲੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਰੇਲਵੇ ਰੋਡ ਤਰਨਤਾਰਨ ਦੇ ਨੇੜੇ ਤਿੰਨ ਵਿਅਕਤੀਆਂ ਨੂੰ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਖੇਪ ਪਹੁੰਚਾਉਣ ਜਾ ਰਹੇ ਸਨ।ਇਸ ਦੌਰਾਨ ਉਕਤ ਦੋਸ਼ੀਆਂ ਦੇ ਕਬਜ਼ੇ 'ਚੋਂ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੀਆਂ-ਪਿਛਲੀਆਂ ਕੜੀਆਂ ਜੋੜਨ ਅਤੇ ਪੂਰੇ ਨੈੱਟਵਰਕ ਸਬੰਧੀ ਹੋਰ ਅਹਿਮ ਜਾਣਕਾਰੀ ਜੁਟਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ, ਐਫਆਈਆਰ ਨੰਬਰ 35 ਮਿਤੀ 01-07-2025 ਨੂੰ ,ਐਨਡੀਪੀਐਸ ਐਕਟ ਦੀ ਧਾਰਾ 21,25,27-ਏ,29 ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਪੁਲਿਸ ਸਟੇਸ਼ਨ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।