ਨਕਲੀ ਸ਼ਰਾਬ ਬਣਾਉਣ 'ਚ ਮੈਥਨੌਲ ਦੀ ਵਰਤੋਂ ਦਾ ਸ਼ੱਕ
ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਪੰਜਾਬ ਅੰਦਰ ਹੁਣ ਤਕ 90 ਦੇ ਕਰੀਬ ਜ਼ਿੰਦਗੀਆਂ ਨਿਗਲ ਚੁੱਕੀ ਹੈ। ਇਸਨੂੰ ਲੈ ਕੇ ਪੂਰੇ ਪੰਜਾਬ ਅੰਦਰ ਤਰਥੱਲੀ ਮਚੀ ਹੋਈ ਹੈ। ਇਸ ਦਾ ਸੇਕ ਹੁਣ ਦੂਰ ਤਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਸ਼ਰਾਬ 'ਚ ਕਿਹੜੇ-ਕਿਹੜੇ ਪਦਾਰਥ ਮਲਾਏ ਗਏ ਸਨ, ਇਸ ਦੀ ਰਿਪੋਰਟ ਆਉਣੀ ਭਾਵੇਂ ਅਜੇ ਬਾਕੀ ਹੈ, ਪਰ ਮੁਢਲੇ ਅੰਦਾਜ਼ਿਆਂ ਮੁਤਾਬਕ ਸ਼ਰਾਬ ਬਣਾਉਣ ਲਈ ਰੰਗ-ਰੋਗਨ ਵਿਚ ਵਰਤੀ ਜਾਣ ਵਾਲੀ ਸਪਰਿਟ ਦੇ ਇਸਤੇਮਾਲ ਦਾ ਖਦਸ਼ਾ ਹੈ।
Poisonous alcohol 
ਸਰਕਾਰ ਨੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿਤਾ ਹੈ। ਤਰਨ ਤਾਰਨ ਜ਼ਿਲ੍ਹੇ ਵਿਚਲੇ ਪਿੰਡ ਮੁੱਛਲ 'ਚ ਸ਼ਰਾਬ ਵੇਚਣ ਵਾਲੀ ਔਰਤ ਬਲਵਿੰਦਰ ਕੌਰ ਤੋਂ ਇਲਾਵਾ ਸ਼ਰਾਬ ਸਪਲਾਈ ਕਰਨ ਵਾਲੇ ਗੋਬਿੰਦਰ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਸ਼ੇਸ ਜਾਂਚ ਟੀਮ ਦੀ ਅਗਵਾਈ ਕਰ ਰਹੇ ਐੱਪੀ ਗੌਰਵ ਤੂਰ ਮੁਤਾਬਕ ਮੁਢਲੀ ਜਾਂਚ ਦੌਰਾਨ ਪਤਾ ਚਲਿਆ ਹੈ ਕਿ ਗੋਬਿੰਦਰ ਤੇ ਮਿੱਠੂ ਨਾਮ ਦੇ ਵਿਅਕਤੀਆਂ ਨੇ ਇਹ ਸ਼ਰਾਬ ਤਰਨ ਤਾਰਨ ਤੋਂ ਲਿਆਂਦੀ ਸੀ ਜੋ ਬਲਵਿੰਦਰ ਕੌਰ ਨਾਮ ਦੀ ਔਰਤ ਨੇ ਸਪਲਾਈ ਕੀਤੀ ਸੀ।
Poisonous alcohol 
ਇਹ ਸ਼ਰਾਬ ਛੋਟੇ-ਛੋਟੇ ਪੈਕੇਟਾਂ ਵਿਚ ਮੌਜੂਦ ਸੀ, ਜਿਸ ਨੂੰ ਅੱਗੇ 20 ਤੋਂ 30 ਰੁਪਏ ਪ੍ਰਤੀ ਪੈਕੇਟ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ। ਜਾਂਚ ਅਧਿਕਾਰੀ ਮੁਤਾਬਕ ਇਸ ਸ਼ਰਾਬ ਵਿਚ ਮੈਥਨੌਲ ਦੀ ਵਰਤੋਂ ਹੋਣ ਦਾ ਸ਼ੱਕ ਹੈ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਘਾਤਕ ਹੁੰਦੀ ਹੈ। ਇਸ ਦੀ ਸਿੱਧੀ ਵਰਤੋਂ ਨਾਲ ਅੰਨ੍ਹਾਪਣ ਤੋਂ ਇਲਾਵਾ ਜਾਨ ਵੀ ਜਾ ਸਕਦੀ ਹੈ। ਇਸੇ ਤਰ੍ਹਾਂ ਆਬਕਾਰੀ ਵਿਭਾਗ ਨੇ ਵੀ ਸ਼ਰਾਬ 'ਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ।
Poisonous Alcohol
ਕਾਬਲੇਗੌਰ ਹੈ ਕਿ ਪਿਛਲੇ ਦਿਨਾਂ ਦਿਨੀਂ ਲੌਕਡਾਊਨ ਦੌਰਾਨ ਵੀ ਪੰਜਾਬ ਅੰਦਰ ਨਕਲੀ ਸ਼ਰਾਬ ਦੀ ਧੜੱਲੇ ਨਾਲ ਵਰਤੋਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਉਸ ਸਮੇਂ ਸ਼ਰਾਬ ਦੇ ਠੇਕੇ ਭਾਵੇਂ ਬੰਦ ਸਨ, ਪਰ ਪੰਜਾਬ ਅੰਦਰ ਨਕਲੀ ਸ਼ਰਾਬ ਦੀ ਵਰਤੋਂ ਆਮ ਦਿਨਾਂ ਨਾਲੋਂ ਵੱਧ ਹੋਈ ਸੀ। ਕਈ ਥਾਈ ਤਾਂ ਅਜਿਹੀਆਂ ਵੀ ਕਨਸੋਆ ਸਾਹਮਣੇ ਆਈਆਂ ਸਨ ਜਿੱਥੇ ਇਕਾਂਤਵਾਸ 'ਚ ਰੱਖੇ ਗਏ ਵਿਅਕਤੀਆਂ ਤਕ ਨਕਲੀ ਸ਼ਰਾਬ ਦੀ ਸਪਲਾਈ ਬੇਰੋਕ ਹੁੰਦੀ ਰਹੀ ਸੀ। ਇਸ ਤਰ੍ਹਾਂ ਇਨ੍ਹਾਂ ਲੋਕਾਂ ਲਈ ਇਕਾਂਤਵਾਸ ਸਜ਼ਾ ਦੀ ਥਾਂ ਮਜ਼ਾ ਕਰਨ ਦਾ ਜ਼ਰੀਆ ਸਾਬਤ ਹੋਇਆ ਸੀ।
Poisonous alcohol 
ਇਸ ਤੋਂ ਬਾਅਦ ਪੰਜਾਬ ਅੰਦਰ ਨਕਲੀ ਸ਼ਰਾਬ ਦੀ ਫੜੋ-ਫੜੀ ਦੀ ਸਿਲਸਿਲਾ ਵੱਡੇ ਪੱਧਰ 'ਤੇ ਸ਼ੁਰੂ ਹੋਇਆ। ਕੁੱਝ ਦਿਨਾਂ ਦੀ ਸਖ਼ਤੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਬਾਕੀ ਅਮਲਾ-ਫੈਲਾ ਮੁੜ ਵਿਰਾਮ-ਅਵਸਥਾ 'ਚ ਚਲਾ ਗਿਆ, ਜਿਸ ਦਾ ਖਮਿਆਜ਼ਾ ਹੁਣ ਇਸ ਕਾਂਡ ਦੇ ਰੂਪ ਵਿਚ ਸਾਹਮਣੇ ਆਇਆ ਹੈ। ਜ਼ਹਿਰੀਲੀ ਸ਼ਰਾਬ ਵਲੋਂ ਘਰਾਂ ਅੰਦਰ ਸੱਥਰ ਵਿਛਾਉਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਅੰਦਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਸਦੇ ਬਾਵਜੂਦ ਸਰਕਾਰਾਂ ਸੱਪ ਲੰਘਣ ਤੋਂ ਬਾਅਦ ਲੀਕ 'ਤੇ ਸੋਟੀਆਂ ਮਾਰਨ ਦੀ ਮਨੋਬਿਰਤੀ ਛੱਡਣ ਲਈ ਤਿਆਰ ਨਹੀਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।
                    
                