
ਕੋਵਿਡ-19 ਪਾਸ ਸਬੰਧੀ ਨਵੇਂ ਕਾਨੂੰਨਾਂ ਵਿਰੁਧ ਸੜਕਾਂ ’ਤੇ ਆਏ ਲੋਕ, 19 ਪ੍ਰਦਰਸ਼ਨਕਾਰੀ ਗਿ੍ਰਫ਼ਤਾਰ
ਪੈਰਿਸ, 1 ਅਗੱਸਤ : ਫ਼ਰਾਂਸ ’ਚ ਕੋਰੋਨਾ ਲਾਗ ’ਤੇ ਕਾਬੂ ਪਾਉਣ ਲਈ ਬਣਾਏ ਗਏ ਨਵੇਂ ਕਾਨੂੰਨ ’ਤੇ ਸਰਕਾਰ ਤੇ ਜਨਤਾ ’ਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵਿਰੁਧ ਲਗਾਤਾਰ ਹਰ ਰੋਜ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮੇਨਿਨ ਦਾ ਕਹਿਣਾ ਹੈ ਕਿ ਪੁਲਿਸ ਨੇ 19 ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਪ੍ਰਦਰਸ਼ਨਕਾਰੀ ਸਰਕਾਰ ਦੇ ਉਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ ਜਿਸ ’ਚ ਸਰਕਾਰ ਨੇ ਸੜਕ ’ਤੇ ਆਉਣ ਲਈ ਕੋਵਿਡ-19 ਪਾਸ ਨੂੰ ਪੂਰੇ ਦੇਸ਼ ਭਰ ’ਚ ਜ਼ਰੂਰੀ ਕੀਤਾ ਹੈ। ਸਰਕਾਰ ਨੇ ਨਵੇਂ ਕਾਨੂੰਨ ਮੁਤਾਬਕ ਹੁਣ ਸੜਕ ’ਤੇ ਆਉਣ ਤੋਂ ਪਹਿਲਾਂ ਇਹ ਪਾਸ ਜ਼ਰੂਰੀ ਹੋਵੇਗਾ। ਦੇਸ਼ਭਰ ’ਚ ਇਸ ਵਿਰੁਧ ਪ੍ਰਦਰਸ਼ਨ ਹੋ ਰਿਹਾ ਹੈ।
ਬੀਐਫਐਮਟੀਵੀ ਬ੍ਰਾਡਕਾਸਟਰ ਮੁਤਾਬਕ ਦੇਸ਼ ’ਚ ਇਸ ਦੇ ਵਿਰੋਧ ’ਚ ਕਰੀਬ 204090 ਲੋਕ ਸੜਕਾਂ ’ਤੇ ਉਤਰੇ ਹਨ। ਰਾਜਧਾਨੀ ਪੈਰਿਸ ’ਚ ਹੀ ਕਰੀਬ 14 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨੂੰ ਲੈ ਕੇ ਹੋਣ ਵਾਲੇ ਵਿਰੋਧ ਪ੍ਰਦਰਸ਼ਨ ’ਚ ਲੱਗੇ ਸੀ। ਡਾਰਮੇਨਿਨ ਨੇ ਅਪਣੇ ਇਕ ਟਵੀਟ ’ਚ ਲਿਖਿਆ ਹੈ ਕਿ ਸ਼ੁਕਰ ਹੈ ਕਿ ਪੁਲਿਸ ਨੇ ਪੂਰੇ ਦੇਸ਼ ’ਚ ਇਸ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ’ਤੇ ਸਖ਼ਤ ਨਿਗਾਹ ਰੱਖੀ ਹੈ। ਇਸ ਦੌਰਾਨ ਕਰੀਬ 19 ਲੋਕਾਂ ਦੀ ਗਿ੍ਰਫ਼ਤਾਰੀ ਹੋਈ ਹੈ ਜਿਸ ’ਚ ਲਗਪਗ 10 ਪੈਰਿਸ ਤੋਂ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਨਵੇਂ ਕਾਨੂੰਨ ਤਹਿਤ ਸਾਰੇ ਸਿਹਤਕਰਮੀਆਂ ਲਈ ਵੈਕਸੀਨੇਸ਼ਨ ਜ਼ਰੂਰੀ ਕਰ ਦਿਤਾ ਹੈ। ਸਰਕਾਰ ਨੇ ਕਿਹਾ ਹੈ ਕਿ ਅਜਿਹਾ ਨਾ ਕਰਨ ਵਾਲੇ ਕਰਮੀਆਂ ਨੂੰ ਬਰਖ਼ਾਸਤ ਕੀਤਾ ਜਾ ਸਕੇਗਾ। ਨਵੇਂ ਕਾਨੂੰਨ ਮੁਤਾਬਕ ਫਿਲਹਾਲ ਇਹ ਨਿਯਮ ਸਿਰਫ਼ ਬਾਲਗਾਂ ’ਤੇ ਲਾਗੂ ਹੁੰਦਾ ਹੈ। 30 ਸਤੰਬਰ ਤੋਂ ਬਾਅਦ ਇਹ 12 ਸਾਲ ਤੋਂ ਜ਼ਿਆਦਾ ਉਮਰ ਵਰਗ ’ਤੇ ਵੀ ਲਾਗੂ ਹੋ ਜਾਵੇਗਾ। (ਏਜੰਸੀ)