
ਅਚਾਨਕ ਮਿੱਟੀ ਖਿਸਕਣ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ ਕੁਲਵਿੰਦਰ ਸਿੰਘ
ਫਿਰੋਜ਼ਪੁਰ : ਸਤਲੁਜ ਦਰਿਆ ਦੇ ਨਾਲ ਲੱਗਦੇ ਸਰਹੱਦੀ ਪਿੰਡ ਝੁੱਗੇ ਕੇਸਰ ਸਿੰਘ ਵਾਲਾ ਦਾ 18 ਸਾਲਾ ਨੌਜੁਆਨ ਕੁਲਵਿੰਦਰ ਸਿੰਘ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਉਸ ਦੀ ਝੋਨੇ ਦੀ ਫ਼ਸਲ ਹੜ੍ਹ ਕਾਰਨ ਡੁੱਬ ਗਈ ਸੀ। ਜਿਸ ਨੂੰ ਦੇਖਣ ਲਈ ਉਹ ਖੇਤਾਂ ’ਚ ਗਿਆ ਸੀ ਅਤੇ ਦਰਿਆ ਕਿਨਾਰੇ ਖੜ੍ਹਾ ਹੋ ਕੇ ਜਦੋਂ ਉਹ ਫ਼ਸਲ ਦੇਖ ਰਿਹਾ ਸੀ ਤਾਂ ਬੰਨ੍ਹ ਦੀ ਮਿੱਟੀ ਦਰਿਆ ’ਚ ਗਿਰ ਗਈ ਜਿਸ ਦੇ ਨਾਲ ਹੀ ਨੌਜੁਆਨ ਵੀ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਿਆ। ਜਿਸ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਦਰਿਆ ’ਚੋਂ ਬਾਹਰ ਕੱਢਿਆ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਨੌਜੁਆਨ ਦਾ ਇਕ ਭਰਾ ਤੇ ਤਿੰਨ ਭੈਣਾਂ ਹਨ।
ਮ੍ਰਿਤਕ ਦੇ ਚਾਚੇ ਨੇ ਦਸਿਆ ਕਿ ਝੋਨੇ ’ਚੋਂ ਪਾਣੀ ਕੱਢਣ ਗਿਆ ਸੀ। ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਰੁੜ੍ਹ ਗਿਆ। ਦੋ-ਢਾਈ ਘੰਟਿਆਂ ਬਾਅਦ ਉਸ ਦੀ ਦੇਹ ਲੱਭੀ ਗਈ। ਉਨ੍ਹਾਂ ਕਿਹਾ ਕਿ ਗਰੀਬ ਪ੍ਰਵਾਰ ਹੈ ਇਸ ਕਰ ਕੇ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।