
ਬੱਚੇ ਦੀ ਮਦਦ ਲਈ ਹਰਿਆਣਾ ਤੋਂ ਵੀ ਕਈ ਲੋਕ ਟਰੈਕਟਰ ਲੈ ਕੇ ਪਹੁੰਚੇ ਤੇ 2 ਹਫ਼ਤਿਆਂ ਤੋਂ ਰੇਤ ਇਕੱਠੀ ਕਰ ਰਹੇ ਹਨ।
ਸਰਦੂਲਗੜ੍ਹ (ਮਾਨਸਾ) - ਹੜ੍ਹਾਂ ਦੇ ਕਹਿਰ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਦੇ ਕਈ ਪਿੰਡਾਂ ਵਿਚ ਵਹਿਣ ਵਾਲੇ ਦਰਿਆ ਨੇ ਜ਼ਮੀਨ ਨੂੰ ਰੇਤਲਾ ਬਣਾ ਦਿੱਤਾ ਹੈ। ਜਿੱਥੇ ਘੱਗਰ ਦਰਿਆ ਦਾ ਪਾਣੀ 10 ਫੁੱਟ ਤੱਕ ਭਰ ਗਿਆ ਸੀ, ਉੱਥੇ ਹੀ ਉਨ੍ਹਾਂ ਪਿੰਡਾਂ ਦੇ ਖੇਤਾਂ ਵਿਚ 6 ਫੁੱਟ ਤੱਕ ਰੇਤਾ ਇਕੱਠਾ ਹੋ ਗਿਆ ਸੀ। ਪਿੰਡ ਰੋੜਕੀ ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀ ਰਜਿੰਦਰ ਸਿੰਘ ਦੇ ਪਿਤਾ ਦੀ 3 ਏਕੜ ਜ਼ਮੀਨ ’ਤੇ ਵੀ ਰੇਤ ਇਕੱਠੀ ਹੋ ਗਈ।
ਪਿਤਾ ਦੇ ਬਿਮਾਰ ਹੋਣ ਕਾਰਨ ਉਹ ਖੇਤੀ ਕਰਨ ਤੋਂ ਅਸਮਰੱਥ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਜ਼ਮੀਨ ਠੇਕੇ 'ਤੇ ਦਿੰਦਾ ਹੈ। ਇੱਕ ਏਕੜ ਜ਼ਮੀਨ ਵਿਚ ਜਮ੍ਹਾਂ ਹੋਈ 6 ਫੁੱਟ ਰੇਤ ਕੱਢਣ ਲਈ 70 ਹਜ਼ਾਰ ਰੁਪਏ ਖ਼ਰਚ ਆਉਂਦਾ ਹੈ। ਪਰਿਵਾਰ ਲਈ ਇੰਨਾ ਖਰਚਾ ਚੁੱਕਣਾ ਔਖਾ ਹੈ। ਰਜਿੰਦਰ ਨੇ ਆਪਣੇ ਖੇਤ ਦੀ ਤਸਵੀਰ ਅਤੇ ਦੁੱਖ ਸੋਸ਼ਲ ਮੀਡੀਆ 'ਤੇ ਪਾ ਕੇ ਮਦਦ ਦੀ ਅਪੀਲ ਕੀਤੀ। ਅਗਲੇ ਦਿਨ ਪੰਜਾਬੀ ਪੰਜਾਬੀਅਤ ਤੇ ਸੇਵਾ ਦੀ ਮਿਸਾਲ ਕਾਇਮ ਕਰਦੇ ਹੋਏ ਕਈ ਟਰੈਕਟਰ ਉਸ ਦੇ ਖੇਤ ਪਹੁੰਚ ਗਏ। ਰਜਿੰਦਰ ਦੀ ਪਹਿਲ ਮੁਹਿੰਮ ਬਣ ਗਈ ਹੈ, ਕਿਸਾਨਾਂ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ। ਬੱਚੇ ਦੀ ਮਦਦ ਲਈ ਹਰਿਆਣਾ ਤੋਂ ਵੀ ਕਈ ਲੋਕ ਟਰੈਕਟਰ ਲੈ ਕੇ ਪਹੁੰਚੇ ਤੇ 2 ਹਫ਼ਤਿਆਂ ਤੋਂ ਰੇਤ ਇਕੱਠੀ ਕਰ ਰਹੇ ਹਨ।