
ਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਦਾ ਸੁਨੇਹਾ— ਵਰਕਰ ਬਣਨ ਲੋਕਾਂ ਦੀ ਆਵਾਜ਼, ਹੜ੍ਹ ਪ੍ਰਭਾਵਿਤਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਆਰ.ਪੀ. ਸ਼ਰਮਾ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨੱਢਾ ਨੇ ਇਸ ਦੁੱਖਦਾਈ ਘੜੀ ਵਿੱਚ ਸ਼ਰਮਾ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਪਾਰਟੀ ਪੂਰੇ ਪਰਿਵਾਰ ਦੇ ਨਾਲ ਖੜੀ ਹੈ।
ਇਸੇ ਦੌਰਾਨ, ਨੱਢਾ ਨੇ ਪੰਜਾਬ ਵਿਚ ਆਏ ਹੜ੍ਹਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਫ਼ੋਨ ਰਾਹੀਂ ਉਨ੍ਹਾਂ ਨੇ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਾਰਟੀ ਦੇ ਸੂਬਾ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਣਨੀਤੀ ਬਣਾਉਣ ’ਤੇ ਜ਼ੋਰ ਦਿੱਤਾ।
ਅਸ਼ਵਨੀ ਸ਼ਰਮਾ ਨੇ ਨੱਢਾ ਨੂੰ ਦੱਸਿਆ ਕਿ ਭਾਜਪਾ ਵਰਕਰ ਮੈਦਾਨ ਵਿਚ ਉਤਰ ਕੇ ਹੜ੍ਹ ਪੀੜਤਾਂ ਲਈ ਭੋਜਨ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਕਰਵਾ ਰਹੇ ਹਨ। ਇਸ ਤੋਂ ਇਲਾਵਾ, ਵਲੰਟੀਅਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਵਿੱਚ ਵੀ ਲੱਗੇ ਹੋਏ ਹਨ।
ਨੱਢਾ ਨੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਸਿਰਫ਼ ਰਾਜਨੀਤਿਕ ਪਾਰਟੀ ਨਹੀਂ, ਸਗੋਂ ਲੋਕਾਂ ਦੀ ਸੇਵਾ ਲਈ ਸਮਰਪਿਤ ਇਕ ਪਰਿਵਾਰ ਹੈ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਹੋਰ ਵੱਧ ਉਤਸ਼ਾਹ ਨਾਲ ਸੇਵਾ ਦੇ ਕੰਮਾਂ ਵਿੱਚ ਹਿੱਸਾ ਲੈਣ। ਨੱਢਾ ਨੇ ਸਾਫ਼ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਇਕੱਲਿਆ ਨਹੀਂ ਛੱਡੇਗੀ। ਉਹ ਖੁਦ ਕੇਂਦਰ ਦੇ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ।
ਭਾਜਪਾ ਕੌਮੀ ਪ੍ਰਧਾਨ ਨੇ ਸੂਬੇ ਦੇ ਸਾਰੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਵਲੰਟੀਅਰਾਂ ਦੇ ਰੂਪ ਵਿੱਚ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਹੜ੍ਹ ਨਾਲ ਜੂਝ ਰਹੇ ਲੋਕਾਂ ਨੂੰ ਦਵਾਈਆਂ, ਖਾਣਾ, ਕੱਪੜੇ ਅਤੇ ਪੀਣ ਵਾਲਾ ਸਾਫ਼ ਪਾਣੀ ਪ੍ਰਦਾਨ ਕਰਨਾ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਭਾਜਪਾ ਦੇ ਵਰਕਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਰਹਿਣਗੇ।