
Punjab Flood News: 12 ਜ਼ਿਲ੍ਹਿਆਂ ਵਿਚ 2.50 ਲੱਖ ਤੋਂ ਵੱਧ ਲੋਕ ਹੜ੍ਹ ਦੀ ਮਾਰ ਹੇਠ
Punjab Flood News in punjabi : ਪੰਜਾਬ ਵਿਚ ਹੜ੍ਹ ਦਾ ਕਹਿਰ ਜਾਰੀ ਹੈ। ਮੀਂਹ ਦੇ ਲਗਾਤਾਰ ਜਾਰੀ ਰਹਿਣ ਕਾਰਨ ਹੜ੍ਹ ਦੇ ਹਾਲਤ ਹੋਰ ਵਿਗੜ ਰਹੇ ਹਨ। ਭਾਵੇਂ ਅਜਨਾਲਾ, ਡੇਰਾ ਬਾਬਾ ਨਾਨਕ, ਪਠਾਨਕੋਟ, ਕਪੂਰਥਲਾ ਤੇ ਹੁਸ਼ਿਆਰਪੁਰ ਵਿਚ ਹੜ੍ਹ ਦਾ ਪਾਣੀ ਥੋੜ੍ਹਾ ਘਟਿਆ ਸੀ ਪਰ ਹਿਮਾਚਲ ਤੇ ਪੰਜਾਬ ਵਿਚ ਪੈ ਰਹੇ ਮੀਂਹ ਕਾਰਨ ਰਵੀ, ਬਿਆਸ ਤੇ ਸਤਲੁਜ ਦਰਿਆਵਾਂ ਤੇ ਡੈਮਾਂ ਦਾ ਪਾਣੀ ਮੁੜ ਵਧਣ ਨਾਲ ਸਥਿਤੀ ਹੋਰ ਵਿਗੜੀ ਹੈ। ਹੁਣ ਤਾਂ ਘੱਗਰ ਨਦੀ ਵਿਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਕਾਰਨ ਪਟਿਆਲਾ, ਸੰਗਰੂਰ, ਮੋਹਾਲੀ ਤੇ ਮਾਨਸਾ ਜ਼ਿਲ੍ਹਿਆਂ ਵਿਚ ਵੀ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਸੰਗਰੂਰ ਦੇ ਖਨੌਰੀ ਤੇ ਮੋਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਇਲਾਕੇ ਵਿਚ ਲੋਕਾਂ ਨੇ ਸੁਰੱਖਿਅਤ ਥਾਵਾਂ ’ਤੇ ਜਾਣਾ ਸ਼ੁਰੂ ਕਰ ਦਿਤਾ ਹੈ।
ਅਗਲੇ 48 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੇ ਅਲਰਟ ਕਾਰਨ ਖ਼ਤਰਾ ਹੋਰ ਵੱਧ ਰਿਹਾ ਹੈ। ਲੁਧਿਆਣਾ ਤੇ ਜਲੰਧਰ ਵਿਚ ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਚੁਕੀ ਹੈ। ਸੂਬੇ ਦੇ 12 ਜ਼ਿਲ੍ਹੇ ਇਸ ਸਮੇਂ ਹੜ੍ਹ ਪ੍ਰਭਾਵਤ ਹਨ ਅਤੇ 2.50 ਲੱਖ ਤੋਂ ਵੱਧ ਲੋਕ ਹੜ੍ਹ ਦੀ ਮਾਰ ਹੇਠ ਆਏ ਹਨ। ਮੌਤਾਂ ਦੀ ਗਿਣਤੀ 30 ਤਕ ਪਹੁੰਚ ਚੁਕੀ ਹੈ। ਕੱਲ੍ਹ ਸੂਬੇ ਦੇ ਆਫ਼ਤਾਂ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵੀ ਸਰਕਾਰ ਵਲੋਂ ਜਾਰੀ ਰਿਪੋਰਟ ਵਿਚ ਮੌਤਾਂ ਅਤੇ ਹੋਏ ਨੁਕਸਾਨ ਦੀ ਪੁਸ਼ਟੀ ਕਰ ਦਿਤੀ ਹੈ।
ਜਾਰੀ ਸਰਕਾਰੀ ਰੀਪੋਰਟ ਅਨੁਸਾਰ, ਹੁਣ ਤਕ ਕੁਲ 15688 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿਚ ਸੱਭ ਤੋਂ ਵੱਧ ਗੁਰਦਾਸਪੁਰ ਤੋਂ 5549 ਲੋਕਾਂ, ਫ਼ਿਰੋਜ਼ਪੁਰ ਤੋਂ 3321, ਫ਼ਾਜ਼ਿਲਕਾ ਤੋਂ 2049 ਵਿਅਕਤੀ ਸ਼ਾਮਲ ਹਨ। ਬੇਘਰ ਪ੍ਰਵਾਰਾਂ ਨੂੰ ਤੁਰਤ ਠਹਿਰਾਅ ਦੇਣ ਲਈ ਪੰਜਾਬ ਭਰ ਵਿਚ 129 ਕੈਂਪ ਸਥਾਪਤ ਕੀਤੇ ਗਏ ਹਨ। ਕੁਲ 7144 ਵਿਅਕਤੀਆਂ ਨੂੰ ਰਾਹਤ ਕੈਂਪਾਂ ਵਿਚ ਠਹਿਰਾਇਆ ਗਿਆ ਹੈ। ਹੜ੍ਹਾਂ ਨਾਲ ਸੂਬੇ ਦੇ 12 ਜ਼ਿਲ੍ਹਿਆਂ ਦੇ ਕੁਲ 1044 ਪਿੰਡ ਪ੍ਰਭਾਵਤ ਹੋਏ ਹਨ। ਜ਼ਿਲ੍ਹਾਵਾਰ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਦੇ (88 ਪਿੰਡ), ਬਰਨਾਲਾ (24), ਫ਼ਾਜ਼ਿਲਕਾ (72), ਫ਼ਿਰੋਜ਼ਪੁਰ (76), ਗੁਰਦਾਸਪੁਰ (321), ਹੁਸ਼ਿਆਰਪੁਰ (94), ਜਲੰਧਰ (55), ਕਪੂਰਥਲਾ (115), ਮਾਨਸਾ (77), ਮੋਗਾ (39), ਪਠਾਨਕੋਟ (82) ਅਤੇ ਐਸ.ਏ.ਐਸ ਨਗਰ ਦਾ (1) ਪਿੰਡ ਪ੍ਰਭਾਵਤ ਹੋਇਆ ਹੈ। ਵੱਖ-ਵੱਖ ਜ਼ਿਲ੍ਹਿਆਂ ਵਿਚ ਹੜ੍ਹਾਂ ਕਾਰਨ ਕੁਲ 2,56,107 ਲੋਕ ਪ੍ਰਭਾਵਤ ਹੋਏ ਹਨ। ਸੱਭ ਤੋਂ ਵੱਧ ਮਾਰ ਗੁਰਦਾਸਪੁਰ ਜ਼ਿਲ੍ਹੇ ਨੂੰ ਪਈ ਹੈ ਜਿਥੇ 1,45,000 ਲੋਕ ਪ੍ਰਭਾਵਤ ਹੋਏ ਹਨ। ਲੋਕਾਂ ਨੂੰ ਬਾਹਰ ਕੱਢਣ ਅਤੇ ਰਾਹਤ ਕਾਰਜਾਂ ਲਈ ਕੁਲ 114 ਕਿਸ਼ਤੀਆਂ ਅਤੇ ਫ਼ੌਜ ਦੇ 33 ਹੈਲੀਕਾਪਟਰ ਵਰਤੇ ਜਾਂ ਰਹੇ ਹਨ, 94,061 ਹੈਕਟੇਅਰ ਫ਼ਸਲਾਂ ਪਾਣੀ ਵਿਚ ਡੁੱਬਣ ਨਾਲ ਬਰਬਾਦ ਹੋਈਆਂ ਹਨ।
ਕਿਹੜੇ ਜ਼ਿਲ੍ਹੇ ਵਿਚ ਕਿੰਨੀਆਂ ਮੌਤਾਂ ਹੋਈਆਂ
ਹੜ੍ਹ ਅਤੇ ਮੀਂਹ ਨਾਲ ਹੋਈਆਂ ਮੌਤਾਂ ਦੀ ਮਿਲੀ ਅਧਿਕਾਰਤ ਰਿਪੋਰਟ ਮੁਤਾਬਕ ਅੰਮ੍ਰਿਤਸਰ ਵਿਚ (3) ਬਰਨਾਲਾ (3), ਬਠਿੰਡਾ (1), ਗੁਰਦਾਸਪੁਰ (1), ਹੁਸ਼ਿਆਰਪੁਰ (3), ਲੁਧਿਆਣਾ (3), ਮਾਨਸਾ (3), ਪਠਾਨਕੋਟ (6), ਪਟਿਆਲਾ (1), ਰੂਪਨਗਰ (3), ਐਸ.ਏ.ਐਸ. ਨਗਰ (1) ਤੇ ਸੰਗਰੂਰ ਦੇ (1) ਵਿਅਕਤੀ ਨੇ ਅਪਣੀ ਜਾਨ ਗੁਆਈ ਹੈ। ਇਸ ਤੋਂ ਇਲਾਵਾ ਪਠਾਨਕੋਟ ਜ਼ਿਲ੍ਹੇ ਵਿਚ 3 ਵਿਅਕਤੀ ਲਾਪਤਾ ਹੋਏ ਹਨ।
ਚੰਡੀਗੜ੍ਹ ਤੋਂ ਗੁਰਉਪਦੇਸ਼ ਭੁੱਲਰ ਦੀ ਰਿਪੋਰਟ
ਹਰੀਕੇ ਹੈੱਡ ਵਰਕਸ ਤੇ ਫਿਰ ਵਧਿਆ ਪਾਣੀ ਦਾ ਪੱਧਰ
ਕੱਲ੍ਹ ਪਈ ਬਾਰਿਸ਼ ਕਾਰਨ ਹਰੀਕੇ ਹੈੱਡ ਵਰਕਸ ਤੇ ਫਿਰ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਾਰਨ ਲੋਕਾਂ ਵਿਚ ਚਿੰਤਾ ਵੱਧ ਗਈ ਹੈ। ਹਰੀਕੇ ਹੈੱਡ ਵਰਕਸ ਦੇ ਵਿਭਾਗ ਪਾਸੋਂ ਮਿਲੀ ਜਾਨਕਾਰੀ ਅਨੁਸਾਰ ਅੱਜ ਸਵੇਰੇ ਅੱਪ ਸਟਰੀਮ ਵਿਚ 2 ਲੱਖ 80000 ਕਿਊਸਿਕ ਦੇ ਕਰੀਬ ਆਮਦ ਹੋਈ ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 66 ਹਜ਼ਾਰ ਕਿਊਸਿਕ ਪਾਣੀ ਛਡਿਆ ਜਾ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਬਾਰਿਸ਼ਾਂ ਲਗਾਤਾਰ ਜਾਰੀ ਰਹੀਆਂ ਤਾਂ ਇਸ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ ਜਿਸ ਨਾਲ ਹਲਾਤ ਹੋਰ ਵਿਗੜ ਸਕਦੇ ਹਨ।
ਪੱਟੀ ਹਰੀਕੇ ਪੱਤਣ ਤੋਂ ਅਜੀਤ ਸਿੰਘ ਘਰਿਆਲਾ/ ਗਗਨਦੀਪ ਸਿੰਘ/ਪ੍ਰਦੀਪ ਦੀ ਰਿਪੋਰਟ
(For more news apart from “ Punjab Flood News in punjabi, ” stay tuned to Rozana Spokesman.)