
ਕਿਹਾ : ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਰਜਿਸਟਰਾਰ ਨੂੰ ਨਹੀਂ ਸੀ ਮੁੱਦੇ ਦੀ ਅਸਲ ਜਾਣਕਾਰੀ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵੱਲੋਂ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਟੋਆ ਪੁੱਟ ਕੇ ਦੱਬਣ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ। ਇਸ ਮਾਮਲੇ ’ਤੇ ਸਿੱਖ ਬੁੱਧੀਜੀਵੀ ਖੁਸ਼ਹਾਲ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਗਲਤ ਛਪੇ ਮਹਾਨ ਕੋਸ਼ ਨੂੰ ਛਾਪਣ ਲਈ ਯੂਨੀਵਰਸਿਟੀ ਵੱਲੋਂ ਕੀਤੀ ਗਈ ਕਾਹਲੀ ਅਤੇ ਕੁੱਝ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਮਹਾਨ ਕੋਸ਼ ਨੂੰ ਛਾਪਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 2012 ’ਚ ਪੰਜ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਸੀ। ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣ ਤੋਂ ਪਹਿਲਾਂ ਸਿੱਖ ਬੁੱਧੀਜੀਵੀਆਂ ਨਾਲ ਰਾਏ ਕੀਤੀ ਸੀ। ਸਿੱਖ ਬੁੱਧੀਜੀਵੀਆਂ ਨੇ ਫੈਸਲਾ ਕੀਤਾ ਕਿ ਇਸ ਨੂੰ ਛਾਪਿਆ ਨਹੀਂ ਜਾ ਸਕਦਾ ਕਿਉਂਕਿ ਇਸ ਵਿਚ ਗਲਤੀਆਂ ਬਹੁਤ ਹਨ। ਇਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਇਸ ਮਹਾਨ ਕੋਸ਼ ਨੂੰ ਗਲਤੀਆਂ ਸਮੇਤ ਹੀ ਛਾਪ ਦਿੱਤਾ ਗਿਆ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਵਿਚ ਪਹੁੰਚਿਆ, ਜਿਸ ਤੋਂ ਬਾਅਦ ਮਹਾਨ ਕੋਸ਼ ਦੀ ਵਿਕਰੀ ’ਤੇ ਪਾਬੰਦੀ ਲੱਗ ਗਈ ਸੀ ਅਤੇ ਇਸ ਦੀ ਵਿਕਰੀ ਨਹੀਂ ਹੋ ਸਕੀ ਸੀ। ਇਸ ਮਾਮਲੇ ’ਚ ਸ਼੍ਰੋਮਣੀ ਕਮੇਟੀ ਦਾ ਇਕ ਵਕੀਲ ਵੀ ਹਾਈ ਕੋਰਟ ਵਿਚ ਪੇਸ਼ ਹੋਇਆ ਸੀ ਅਤੇ ਉਸ ਨੇ ਵੀ ਇਸ ਨੂੰ ਖਤਮ ਕਰਨ ਲਈ ਸੁਝਾਅ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਇਸ ਮਾਮਲੇ ਨੂੰ ਲਟਕਾਉਂਦੀ ਰਹੀ। ਯੂਨੀਵਰਸਿਟੀ ਵੱਲੋਂ ਕੀਤੀ ਗਈ ਅੰਤਿਮ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ ਇਸ ਮਹਾਨ ਕੋਸ਼ ਦੀ ਵਿਕਰੀ ਨਹੀਂ ਹੋ ਸਕਦੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਜੇਕਰ ਇਸ ਮਹਾਨ ਕੋਸ਼ ਨੂੰ ਡਿਸਟਰੌਏ ਨਾ ਕੀਤਾ ਗਿਆ ਅਸੀਂ ਤੁਹਾਡੇ ਖਿਲਾਫ਼ ਸੰਘਰਸ਼ ਕਰਾਂਗੇ।
ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੱਲੋਂ ਮਹਾਨ ਕੋਸ਼ ਨੂੰ ਡਿਸਟਰੌਏ ਕਰਨ ਲਈ ਕਾਰਵਾਈ ਕੀਤੀ ਗਈ। ਖੁਸ਼ਹਾਲ ਸਿੰਘ ਨੇ ਕਿਹਾ ਕਿ ਇਸ ਮਹਾਨ ਕੋਸ਼ ਨੂੰ ਡਿਸਟਰੌਏ ਕਰਨ ਲਈ ਜੇਕਰ ਕਿਸੇ ਫੈਕਟਰੀ ਨਾਲ ਸੰਪਰਕ ਕਰ ਲਿਆ ਜਾਂਦਾ ਤਾਂ ਚੰਗਾ ਹੁੰਦਾ। ਕਿਉਂਕਿ ਇੰਨੀ ਵੱਡੀ ਗਿਣਤੀ ’ਚ ਛਪੇ ਮਹਾਨ ਕੋਸ਼ ਦਾ ਸਸਕਾਰ ਕਰਨ ਨਾਲ ਵੀ ਵਾਤਾਵਰਣ ਨੂੰ ਨੁਕਸਾਨ ਹੋਣਾ ਸੀ, ਕਿਉਂਕਿ ਨਵੇਂ ਕਾਨੂੰਨਾਂ ਅਨੁਸਾਰ ਇੰਨੀ ਵੱਡੀ ਗਿਣਤੀ ਛਪੇ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਅੱਗ ਨਹੀਂ ਲਗਾਈ ਜਾ ਸਕਦੀ ਸੀ। ਸਿੱਖਾਂ ਗ੍ਰੰਥਾਂ ਨੂੰ ਨਸ਼ਟ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਮਰਿਆਦਾ ਨਹੀਂ ਬਣਾਈ ਗਈ। ਕਿਉਂਕਿ ਜੇਕਰ ਸਿੱਖ ਗ੍ਰੰਥਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰ ਮਰਿਆਦਾ ਅਨੁਸਾਰ ਸਸਕਾਰ ਕਰਨ ਦੀ ਪਿਰਤ ਪੈ ਜਾਂਦੀ ਉਹ ਵੀ ਗਲਤ ਸੀ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਕਿਸੇ ਸਿੱਖ ਗ੍ਰੰਥ ਦਾ ਸਸਕਾਰ ਕਰਨ ਦਾ ਮੁੱਦਾ ਉਠਣਾ ਸੀ। ਸ੍ਰੀ ਅਕਾਲ ਤਖ਼ਤ ਅਨੁਸਾਰ ਵੈਸੇ ਤਾਂ ਸਿੱਖ ਵਿਅਕਤੀ ਦਾ ਸਸਕਾਰ ਕੀਤਾ ਜਾਂਦਾ ਜੇਕਰ ਕਿਸੇ ਸਮੇਂ ਕਿਸੇ ਸਮੇਂ ’ਚ ਸਸਕਾਰ ਨਾ ਕੀਤਾ ਜਾ ਸਕੇ ਤਾਂ ਉਸ ਨੂੰ ਫਨਨਾਇਆ ਵੀ ਜਾ ਸਕਦਾ ਹੈ।
ਸਿੱਖ ਵਿਦਵਾਨ ਖੁਸ਼ਹਾਲ ਸਿੰਘ ਨੇ ਕਿਹਾ ਕਿ ਇਹ ਇੰਨਾ ਵੱਡਾ ਮੁੱਦਾ ਨਹੀਂ, ਜਿੰਨਾ ਵੱਡਾ ਇਸ ਨੂੰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਾਂ ਰਜਿਸਟਰਾਰ ਜ਼ਿੰਮੇਵਾਰ ਨਹੀਂ ਬਲਕਿ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈ ਜਿਸ ਦੀ ਸਰਕਾਰ ਸਮੇਂ ਇਹ ਮਹਾਨ ਕੋਸ਼ ਗਲਤ ਛਪਿਆ। ਖੁਸ਼ਹਾਲ ਸਿੰਘ ਨੇ ਕਿਹਾ ਕਿ ਜਾਂ ਫਿਰ ਯੂਨੀਵਰਸਿਟੀ ਦੇ ਉਹ ਅਧਿਕਾਰੀ ਜ਼ਿੰਮੇਵਾਰ ਹਨ ਜਿਨ੍ਹਾਂ ਵੱਲੋਂ ਗਲਤੀਆਂ ਕੀਤੀਆਂ ਗਈਆਂ ਜਾਂ ਜਿਨ੍ਹਾਂ ਇਸ ਨੂੰ ਛਾਪਣ ਦੀ ਆੜ ਵਿਚ ਪੈਸਾ ਖਾਧਾ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ ਸਮੇਤ ਜਿਹੜੇ ਅਧਿਕਾਰੀਆਂ ਖਿਲਾਫ਼ ਪਰਚਾ ਦਰਜ ਕੀਤਾ ਹੈ ਉਹ ਰੱਦ ਕੀਤਾ ਜਾਵੇ। ਇਸ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਵੇ ਜਿਹੜੇ ਅਧਿਕਾਰੀਆਂ ਇਸ ਮਾਮਲੇ ’ਚ ਬੇਈਮਾਨੀ ਕੀਤੀ ਹੈ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਹਾਨ ਕੋਸ਼ ਨੂੰ ਡਿਸਟਰੌਏ ਕਰਨ ’ਚ ਕੋਈ ਬੇਅਦਬੀ ਨਹੀਂ ਹੋਈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਗ੍ਰੰਥਾਂ ਨੂੰ ਡਿਸਟਰੌਏ ਕਰਨ ਲਈ ਕੋਈ ਨੀਤੀ ਨਹੀਂ ਬਣਾਈ ਗਈ।