
ਯੂਨੀਵਰਸਿਟੀਆਂ ’ਚ ਪਏ ਇਤਿਹਾਸ ਨੂੰ ਬਚਾਉਣ ਲਈ ਸਿੱਖ ਜਥੇਬੰਦੀਆਂ ਅਤੇ ਸਿੱਖ ਬੁੱਧੀਜੀਵੀਆਂ ਨੂੰ ਆਉਣਾ ਪਵੇਗਾ ਅੱਗੇ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਕੋਸ਼ ਦੀਆਂ ਗਲਤ ਛਪੀਆਂ ਲਿਖਤਾਂ ਨੂੰ ਟੋਆ ਪੁੱਟ ਕੇ ਦੱਬਣ ਦੀ ਕੀਤੀ ਗਈ ਕੋਸ਼ਿਸ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ਦੇ ਚਰਚਾ ’ਚ ਆਉਣ ਤੋਂ ਬਾਅਦ ਬੇਸ਼ੱਕ ਮਹਾਨ ਕੋਸ਼ ਗਲਤ ਲਿਖਤਾਂ ਨੂੰ ਮਿੱਟੀ ’ਚ ਦੱਬਣ ਤੋਂ ਪੰਜਾਬੀ ਯੂਨੀਵਰਸਿਟੀ ਪਿੱਛੇ ਹਟ ਗਈ ਸੀ। ਪਰ ਸਿੱਖ ਬੁੱਧੀਜੀਵੀਆਂ ਅਤੇ ਸਿੱਖ ਚਿੰਤਕਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਇਸ ਕਾਰੇ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠਾਏ ਗਏ। ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਮਹਾਨ ਕੋਸ਼ ਦੀਆਂ ਗਲਤ ਛਪੀਆਂ ਲਿਖਤਾਂ ਦਾ ਸਿੱਖ ਮਰਿਆਦਾ ਅਨੁੁਸਾਰ ਸਸਕਾਰ ਕਰਨ ਲਈ ਰਾਜ਼ੀ ਹੋ ਗਈ ਸੀ। ਇਸ ਮਾਮਲੇ ’ਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਖਿਲਾਫ਼ ਮਾਮਲਾ ਵੀ ਦਰਜ ਹੋ ਚੁੱਕਿਆ ਹੈ।
ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਵੱਲੋਂ ਐਡਵੋਕੇਟ ਰਵਿੰਦਰ ਜੌਲੀ ਨਾਲ ਗੱਲਬਾਤ ਕੀਤੀ ਗਈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਸਭ ਕੁੱਝ ਸੁਭਾਵਿਕ ਤੌਰ ’ਤੇ ਹੋਇਆ ਹੈ ਜਾਂ ਇਹ ਜਾਣ ਬੁੱਝ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਭਾਵਿਕ ਕੁੱਝ ਵੀ ਨਹੀਂ ਹੋਇਆ ਕਿਉਂਕਿ ਸਾਡੀ ਗੁਰਬਾਣੀ ਨੂੰ, ਸਿੱਖ ਇਤਿਹਾਸ ਨੂੰ ਬਹੁਤ ਲੰਬੇ ਸਮੇਂ ਤੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਆਰ.ਐਸ.ਐਸ. ਵਰਗੀਆਂ ਸੰਸਥਾਵਾਂ ਨੂੰ ਗੁਰਬਾਣੀ ਵੱਲੋਂ ਹੀ ਚੈÇਲੰਜ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਇਤਿਹਾਸ ਨੂੰ ਇਸ ਤੋਂ ਪਹਿਲਾਂ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਮੇਂ ਸਿਰ ਪਤਾ ਲੱਗਣ ਤੋਂ ਬਾਅਦ ਇਸ ਘਟਨਾ ਨੂੰ ਵੀ ਵਾਪਰਨ ਤੋਂ ਰੋਕ ਦਿੱਤਾ ਗਿਆ ਸੀ।
ਐਡਵੋਕੇਟ ਜੌਲੀ ਨੇ ਕਿਹਾ ਕਿ ਮੈਨੂੰ ਮਹਾਨ ਕੋਸ਼ ਨੂੰ ਮਿੱਟੀ ’ਚ ਦੱਬਣ ਵਾਲੀ ਘਟਨਾ ਸਮਝ ਨਹੀਂ ਆਈ। ਉਨ੍ਹਾਂ ਕਿ ਜੇਕਰ ਇਸ ਵਿਚ ਗਲਤੀਆਂ ਸਨ ਤਾਂ ਇਨ੍ਹਾਂ ਨੂੰ ਛਪਾਈ ਤੋਂ ਪਹਿਲਾਂ ਸਾਡੇ ਕੋਲ ਮੌਜੂਦ ਮਹਾਨ ਕੋਸ਼ ਨਾਲ ਮਿਲਾਇਆ ਕਿਉਂ ਨਹੀਂ ਗਿਆ। ਕਿਉਂਕਿ ਗੁਰਬਾਣੀ ਅਨੁਸਾਰ ਸਿਹਾਰੀ, ਬਿਹਾਰੀ, ਕੰਨਾ, ਬਿੰਦੀ ਇਧਰ-ਉਧਰ ਲੱਗਣ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਲਤ ਛਪੇ ਮਹਾਨ ਕੋਸ਼ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਇਸ ਖਤਮ ਕਰਨ ਦਾ ਤਰੀਕਾ ਵੀ ਦੱਸਿਆ ਗਿਆ ਹੋਣਾ। ਐਡਵੋਕੇਟ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਬਿਰਧ ਹੋ ਜਾਂਦੇ ਹਨ, ਉਨ੍ਹਾਂ ਦਾ ਪੂਰਨ ਗੁਰ ਮਰਿਆਦਾ ਅਨੁਸਾਰ ਸਸਕਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਮਹਾਨ ਕੋਸ਼ ਦੀਆਂ ਗਲਤ ਛਪੀਆਂ ਲਿਖਤਾਂ ਨੂੰ ਵੀ ਲੋਕਾਂ ਦੀ ਹਾਜ਼ਰੀ ਵਿਚ, ਸਿੱਖ ਮਰਿਆਦਾ ਅਨੁਸਾਰ ਅਗਨ ਭੇਂਟ ਕੀਤਾ ਜਾ ਸਕਦਾ ਸੀ। ਉਨ੍ਹਾਂ ਇਸ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਾਹਿਤਕ ਵਿਭਾਗ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ।
ਐਡਵੋਕੇਟ ਰਵਿੰਦਰ ਜੌਲੀ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਕਠਪੁਤਲੀਆਂ ਹਨ ਅਤੇ ਯੂਨੀਵਰਸਿਟੀ ਦੇ ਚਾਂਸਲਰ ਆਰ.ਐਸ. ਐਸ. ਵੱਲੋਂ ਥੋਪੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ’ਤੇ ਕਬਜ਼ਾ ਹੋ ਚੁੱਕਿਆ ਹੈ ਚਾਹੇ ਉਹ ਪੰਜਾਬ ਯੂਨੀਵਰਸਿਟੀ, ਚਾਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ। ਇਨ੍ਹਾਂ ਯੂਨੀਵਰਸਿਟੀਆਂ ’ਚ ਪਿਆ ਸਾਡਾ ਲਿਟਰੇਚਰ ਖਤਰੇ ਵਿਚ ਹੈ। ਜਿਸ ਨੂੰ ਬਚਾਉਣ ਲਈ ਸਾਡੀਆਂ ਸਿੱਖ ਸੰਸਥਾਵਾਂ, ਸਿੱਖ ਬੁੱਧੀਜੀਵੀਆਂ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮੇਟੀ ਬਣਾ ਕੇ ਇਸ ਮਾਮਲੇ ’ਚ ਦਖਲ ਦੇਣਾ ਚਾਹੀਦਾ ਹੈ।