
ਜੇਕਰ ਪਹਿਲਾਂ ਖੇਤੀ ਕਾਨੂੰਨ ਠੀਕ ਸੀ ਤਾਂ ਖ਼ੁਦਕੁਸ਼ੀਆਂ ਕਿਉਂ ਕਰਦੇ ਸੀ ਕਿਸਾਨ? : ਭਾਜਪਾ ਆਗੂ
ਅਕਾਲੀਆਂ ਨਾਲੋਂ ਤੋੜ ਵਿਛੋੜੇ ਨਾਲ ਭਾਜਪਾ ਦਾ ਖਹਿੜਾ ਛੁਟਿਆ
ਐਸ.ਏ.ਐਸ. ਨਗਰ, 1 ਅਕਤੂਬਰ (ਕੁਲਦੀਪ ਸਿੰਘ) : ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਚ ਖੇਤੀ ਬਿਲਾਂ ਦਾ ਵਿਰੋਧ ਕਰ ਰਹੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰ ਸਭ ਸਿਆਸੀ ਪਾਰਟੀਆਂ ਨੂੰ ਵੰਗਾਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਹੈ ਕਿ ਜੇਕਰ ਪਹਿਲਾਂ ਵਾਲੇ ਖੇਤੀ ਕਾਨੂੰਨ ਠੀਕ ਸਨ ਤਾਂ ਫਿਰ ਕਿਸਾਨ ਖ਼ੁਦਕੁਸ਼ੀਆਂ ਕਿਉਂ ਕਰ ਰਹੇ ਸਨ? ਉਨ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਸੋਚ ਨੂੰ ਘਟੀਆ ਤੇ ਸੌੜੀ ਦਸਦਿਆਂ ਰਾਜਨੀਤੀ ਤੋਂ ਗੁਰੇਜ਼ ਕਰਦੇ ਹੋਏ ਇਨ੍ਹਾਂ ਕਿਸਾਨ ਹਿਤੈਸ਼ੀ ਖੇਤੀ ਬਿਲਾਂ ਦਾ ਸਮਰਥਨ ਕਰਨ ਲਈ ਕਿਹਾ। ਦੋਵੇਂ ਸੀਨੀਅਰ ਭਾਜਪਾ ਆਗੂ ਇਥੇ ਸੈਕਟਰ 70 ਵਿਖੇ ਜ਼ਿਲ੍ਹਾ ਮੋਹਾਲੀ ਨਾਲ ਸਬੰਧਤ ਭਾਜਪਾ ਆਗੂਆਂ ਨਾਲ ਮੀਟਿੰਗ ਕਰ ਰਹੇ ਸਨ। ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਵੀ ਇਸ ਮੌਕੇ ਹਾਜ਼ਰ ਸਨ।
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਖੇਤੀ ਬਿਲਾਂ ਬਾਰੇ ਕਾਂਗਰਸ ਅਤੇ ਵਿਰੋਧੀ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਨਾ ਹੀ ਐਮ.ਐਸ.ਪੀ. ਖ਼ਤਮ ਕੀਤੀ ਅਤੇ ਨਾ ਹੀ ਮੰਡੀਆਂ ਤੋੜੀਆਂ। ਪ੍ਰੰਤੂ ਫਿਰ ਵੀ ਜੇਕਰ ਕਿਸੇ ਨੂੰ ਇਨ੍ਹਾਂ ਬਿਲਾਂ ਬਾਰੇ ਕੋਈ ਭਰਮ ਹੈ ਤੇ ਕਿਸੇ ਨੂੰ ਕੁਝ ਗਲਤ ਲੱਗਦਾ ਹੈ ਤਾਂ ਉਹ ਇਨ੍ਹਾਂ ਭਰਮਾਂ ਤੇ ਸ਼ੰਕਿਆਂ ਦੇ ਜਵਾਬ ਦੇਣ ਲਈ ਤਿਆਰ ਹਨ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੀ ਹੈ, ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਲੋਕ ਹਿਤਾਂ ਲਈ ਹਨ।
ਖੇਤੀ ਬਿਲਾਂ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਨਾਲੋਂ ਸਾਂਝ ਤੋੜ ਚੁੱਕੇ ਸ਼੍ਰੋਮਣੀ ਅਕਾਲੀ ਦਲ ਬਾਰੇ ਚਰਚਾ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਇਸ ਤੋੜ ਵਿਛੋੜੇ ਨਾਲ ਭਾਜਪਾ ਦਾ ਪੰਜਾਬ ਵਿੱਚ ਪਰਿਵਾਰਵਾਦ ਦੀ ਰਾਜਨੀਤੀ, ਭ੍ਰਿਸ਼ਟਾਚਾਰ, ਭੂ-ਮਾਫ਼ੀਆ, ਰੇਤ-ਮਾਫ਼ੀਆ, ਸ਼ਰਾਬ ਦੇ ਕਾਰੋਬਾਰੀਆਂ ਤੋਂ ਛੁਟਕਾਰਾ ਹੋ ਗਿਆ ਹੈ।